ਵਲੈਤੀ ਲਹੂ (ਕਹਾਣੀ)

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਹਿੰਦੇ ਨੇ ਪੰਜਾਬੀਆਂ ਦਾ ਸੁਭਾਅ ਬੜਾ ਖੁੱਲਾ ਡੁੱਲਾ ਤੇ ਇਹ ਬੜੇ ਵੱਡੇ ਦਿਲ ਦੇ ਮਾਲਕ ਹੁੰਦੇ ਨੇ। ਭਾਂਵੇ ਘਿA ਦਾ ਘੜਾ ਰੁੜ ਜਾਵੇ, ਇਹਨਾਂ ਕਦੇ ਕੋਈ ਗੱਲ ਦਿਲ ਤੇ ਨੀ ਲਾਈ। ਸੱਤ ਬੇਗਾਨਾ ਵੀ ਕੋਈ ਘਰ ਆ ਜਾਵੇ ਰੋਟੀ ਖਾਧੇ ਬਿਨਾਂ, ਚਾਹ ਪਾਣੀ ਪੀਤੇ ਬਿਨਾ ਜਾਣ ਨੀ ਦਿੰਦੇ। ਪਰ ਕੀ ਇੱਥੇ ਰਹਿਣ ਵਾਲੇ ਪੰਜਾਬੀ ਹੁਣ ਪੰਜਾਬੀ ਨੀ ਹੈਗੇ। ਜਾਂ ਫਿਰ… ਕੁਝ ਐਸੀਆਂ ਹੀ ਸੋਚਾਂ ਵਿੱਚ ਉਲਝਿਆ ਹੋਇਆ ਜੀਤ ਸਿੰਘ ਆਪਣੇ ਵਲੈਤ ਵਾਲੇ ਤਾਏ ਦੇ ਪੁੱਤ ਸੁੱਚਾ ਸਿੰਘ ਦੇ ਘਰ ਅੰਦਰ ਕਮਰੇ ਵਿੱਚ ਬੈਠਾ ਸੋਚ ਰਿਹਾ ਸੀ। ਜੋ ਕੁਝ ਦਿਨ ਪਹਿਲਾਂ ਹੀ ਪੰਜਾਬੋਂ ਤੋਂ ਵਲੈਤ ਘੁੰਮਣ ਆਇਆ ਸੀ। ਦੋ ਤਿੰਨ ਦਿਨਾਂ ਵਿੱਚ ਜੀਤ ਸਿੰਘ ਦਾ ਵਲੈਤ ਦੇਖਣ ਦਾ ਸਾਰਾ ਚਾਅ ਜਾਂਦਾ ਲੱਗਾ ਸੀ। ਦਿਲ ਵਿੱਚ ਬਹੁਤ ਸਾਰੇ ਸੁਪਨੇ ਲੈ ਕੇ ਉਹ ਦਿੱਲੀ ਨੂੰ ਵੀਜ਼ਾ ਲੈਣ ਗਿਆ ਸੀ। ਉਸ ਤੋਂ ਕਿਤੇ  ਵੱਧ ਚਾਅ ਨਾਲ ਉਹ ਅੰਮ੍ਰਿਤਸਰ ਏਅਰਪੋਰਟ ਨੂੰ ਜਾਣ ਤੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ। ਆਪਣੇ ਤਾਏ ਦੇ ਪੁੱਤ ਭਰਾ ਦੇ ਸਾਰੇ ਟੱਬਰ ਦੀ ਸੁੱਖ ਸਾਂਦ ਦੀ ਅਰਦਾਸ ਕਰਵਾ ਕੇ ਆਇਆ ਸੀ। ਖੌਰੇ ਕਿੰਨੇ ਸਾਰੇ ਲੀੜੇ ਕੱਪੜੇ ਤੇ ਹੋਰ ਨਿੱਕ ਸੁੱਕ ਉਹ ਸੁੱਚਾ ਸਿੰਘ ਦੇ ਸਾਰੇ ਟੱਬਰ ਲਈ ਲੈ ਕੇ ਆਇਆ। ਇਹਨਾਂ ਸਭ ਸੋਚਾਂ ਵਿੱਚ ਖੁੱਭਾ ਹੋਇਆ ਜੀਤ ਸਿੰਘ ਕਈ ਵਰ੍ਹੇ ਪਿੱਛੇ ਪਹੁੰਚ ਗਿਆ। ਜਦੋਂ ਸੁੱਚਾ ਸਿੰਘ ਵਲੈਤੋਂ ਆਪਣਾ ਸਾਰਾ ਟੱਬਰ ਲੈ ਕੇ ਪਿੰਡ ਆਇਆ ਸੀ।
ਸੁੱਚਾ ਸਿੰਘ ਨਾਲ ਉਸਦੀ ਕੰਜੂਸ ਤੇ ਆਕੜ ਖੋਰੀ ਵਲੈਤ ਦੀ ਪੜੀ ਲਿਖੀ, ਗੱਲਾਂ ਕਰਦੀ ਕਦੇ ਨਾ ਥੱਕਣ ਵਾਲੀ ਘਰ ਵਾਲੀ ਮਿੰਦਰ ਕੌਰ ਤੇ ਦੋ ਜਵਾਕ ਆਏ ਸਨ। ਇਹਨਾਂ ਦਾ ਆਪਣਾ ਘਰ ਤਾਂ ਪੁਰਾਣਾ ਜਿਹਾ ਸੀ, ਪਰ ਇਹ ਹਰ ਵੇਲੇ ਜੀਤ ਸਿੰਘ ਦੇ ਘਰੇ ਰਹਿੰਦੇ। ਉੱਥੇ ਰੋਟੀ ਟੁੱਕ ਤੇ ਖਾਣ ਪੀਣ ਹੁੰਦਾ। ਜੀਤ ਸਿੰਘ ਦੀ ਘਰ ਵਾਲੀ ਬਿਨਾਂ ਕਿਸੇ ਲਾਲਚ ਦੇ ਸੁੱਚਾ ਸਿੰਘ ਦੇ ਟੱਬਰ ਦੀ ਖਾਤਰ ਦਾਰੀ ਕਰਦੀ। ਨਿਆਣਿਆਂ ਨੂੰ ਉਹਨਾਂ ਦੀ ਮਰਜ਼ੀ ਦੇ ਪਰੌਂਠੇ ਤੇ ਹੋਰ ਖਾਣ ਪੀਣ ਬਣਾ ਕੇ ਦਿੰਦੀ। ਸੁੱਚਾ ਸਿੰਘ ਵੀ ਹਰ ਰੋਜ਼ ਦੋ ਚਾਰ ਨਵੇਂ ਬੰਦੇ ਘਰੇ ਲੈ ਕੇ ਆਉਂਦਾ। ਜਿਹਨਾਂ ਦੀ ਖਾਤਿਰਦਾਰੀ ਜੀਤ ਸਿੰਘ ਆਪਣੀ ਵਿਤੋਂ ਵੱਧ ਕਰਦਾ। ਸ਼ਰਾਬ ਮੀਟ ਸਭ ਕੁਝ ਚੱਲਦਾ, ਪਰ ਜੀਤ ਸਿੰਘ ਤੇ ਉਸਦੇ ਘਰ ਵਾਲੀ ਸੋਚਦੇ ਦੋ ਚਾਰ ਦਿਨ ਦੇ ਪ੍ਰਾਹੁਣੇ ਨੇ, ਰੱਬ ਦਾ ਦਿੱਤਾ ਗੁਜ਼ਾਰੇ ਜੋਗਾ ਬਹੁਤ ਆ। ਨਾਲੇ ਜੋ ਕਿਸੇ ਦੇ ਲੇਖਾਂ ਦਾ ਲਿਖਿਆ,  ਅਗਲੇ ਨੇ ਖਾ ਈ ਜਾਣਾ, ਕੌਣ ਕਿਸੇ ਨੂੰ ਖੁਆਉਂਦਾ। ਇਸ ਤਰਾਂ ਸੁੱਚਾ ਸਿੰਘ ਸਾਲ ਦੋ ਸਾਲ ਬਾਅਦ ਗੇੜਾ ਮਾਰਦਾ ਤਾਂ ਜੀਤ ਸਿੰਘ ਦੇ ਘਰ ਆ ਕੇ ਆਪਣੇ ਘਰ ਵਾਂਗ ਰਹਿੰਦਾ। ਉਹ ਜੀਤ ਸਿੰਘ ਦੀ ਬਹੁਤੀ ਮੱਦਦ ਵੀ ਨਾ ਕਰਦਾ ਸਗੋਂ ਥੋੜਾ ਬਹੁਤ ਖਰਚਾ ਪਾਣੀ ਦੇ ਛੱਡਦਾ। ਪਰ ਜੀਤ ਸਿੰਘ ਨੇ ਕਦੇ ਇਸ ਬਾਰੇ ਨਾ ਸੋਚਿਆ ਤੇ ਨਾ ਹੀ ਉਸਦੀ ਘਰ ਵਾਲੀ ਨੇ ਕੋਈ ਮੱਥੇ ਵੱਟ ਪਾਇਆ ਸੀ। 
ਇੱਕ ਗੱਲ ਜਰੂਰ ਸੀ ਕਿ ਹਰ ਵਾਰ ਸੁੱਚਾ ਸਿੰਘ ਜਦੋਂ ਵੀ ਆਉਂਦਾ ਤਾਂ ਜੀਤ ਸਿੰਘ ਨੂੰ ਆਖਦਾ ਭਾਊ ਕਿਤੇ ਗੇੜਾ ਮਾਰ ਵਲੈਤ ਨੂੰ ਤੇ ਦੇਖ ਉੱਥੇ ਦੀ ਰੰਗੀਨ ਜ਼ਿੰਦਗੀ। ਨਿੱਤ ਨਵੀਂ ਸ਼ਰਾਬ ਤੇ ਨਵਾਂ ਮੀਟ ਹੋਊ ਤੇਰੇ ਮੂਹਰੇ। ਬਾਕੀ ਵਲੈਤ ਤਾਂ ਸੋਹਣੀ ਬੜੀ ਆ, ਤੂੰ  ਨੀ ਮੁੜਦਾ ਉੱਥੋਂ, ਇਹ ਮੇਰੀ ਗਾਰੰਟੀ ਆ। ਭਾਂਵੇ ਕੋਰੇ ਕਾਗਜ਼ 'ਤੇ ਲਿਖਾ ਲਾ ਮੇਰੇ ਤੋਂ ਝੂਠ ਨੀ ਬੋਲਦਾ, ਸਹੁੰ ਦੇਣ ਵਾਲੇ ਦੀ।
ਸਾਡੇ ਕਰਮਾਂ ਵਿੱਚ ਵਲੈਤ ਕਿੱਥੇ ਸੁੱਚਿਆ। ਅਸੀਂ ਕਦੇ ਦਿੱਲੀ ਨੀ ਲੰਘੇ ਤੇ ਵਲੈਤ ਕਿਸ ਭੜੂਏ ਨੇ ਦੇਖਣੀ। ਬਾਕੀ ਕੰਮ ਕਾਰ ਚੋਂ ਵਿਹਲ ਮਿਲੂ ਤਾਂ ਹੀ ਵਲੈਤ ਦੇਖ ਹੋਊ। ਜੀਤ ਸਿੰਘ ਨੇ ਆਪਣੀ ਅਸਲੀ ਕਹਾਣੀ ਦੱਸੀ ਤੇ ਇੱਕ ਲੰਡੂ ਜਿਹਾ ਪੈੱਗ  ਆਪ ਪਾ ਲਿਆ ਤੇ ਨਾਲੇ ਸੁੱਚਾ ਸਿੰਘ ਨੂੰ ਪਾ ਕੇ ਸੋਹਣੀ ਵਲੈਤ ਦਾ ਨਕਸ਼ਾ ਆਪਣੀਆਂ ਅੱਖਾਂ ਵਿੱਚ ਬਣਾਉਣ ਲੱਗਾ। ਉਹ ਦਿਲ ਹੀ ਦਿਲ ਇਹ ਸੋਚ ਬੈਠਾ ਸੀ ਕਿ ਇੱਕ ਵਾਰ ਵਲੈਤ ਜਰੂਰ ਦੇਖਣੀ ਆ।  ਉਹ ਨਹੀਂ ਜਾਣਦਾ ਸੀ ਕਿ ਸੁੱਚਾ ਸਿੰਘ ਉਸਨੂੰ ਮਿੱਠੀਆਂ ਗੋਲੀਆਂ ਦੇ ਰਿਹਾ ਸੀ। ਸੁੱਚਾ ਸਿੰਘ ਅਨੁਸਾਰ ਇਸ ਅਨਪੜ ਬੰਦੇ ਨੂੰ ਕਿਹੜਾ ਵੀਜ਼ਾ ਮਿਲਣਾ। ਆਪੇ ਦਿੱਲੀ ਦੀ ਧੂੜ ਫੱਕ ਕੇ ਬੱਸਾਂ ਦੇ ਧੱਕੇ ਖਾ ਕੇ ਬਹਿਜੂ ਚੁੱਪ ਕਰਕੇ। 
ਸੁੱਚਾ ਸਿੰਘ ਵਾਪਸ ਵਲੈਤ ਆ ਗਿਆ ਤਾਂ ਪਿੱਛੋਂ ਕੁਝ ਮਹੀਨਿਆਂ ਬਾਅਦ ਉਸਨੇ  ਜੀਤ ਸਿੰਘ ਦਾ ਦਿਲ ਰੱਖਣ ਖਾਤਿਰ ਕਿਸੇ ਮਾੜੇ ਮੋਟੇ ਵਕੀਲ ਤੋਂ ਸਾਦੀ ਜਿਹੀ ਰਾਹਦਾਰੀ ਬਣਵਾ ਕੇ ਪਾ ਦਿੱਤੀ। ਜੀਤ ਸਿੰਘ ਬਹੁਤ ਖੁਸ਼ ਸੀ ਉਸਨੂੰ ਰਾਹਦਾਰੀ ਆਈ ਹੈ। ਉਹ ਵਾਰ ਵਾਰ ਸਾਰੇ ਪਿੰਡ ਨੂੰ ਰਾਹਦਾਰੀ  ਤੇ ਸੁੱਚਾ ਸਿੰਘ ਬਾਰੇ ਦੱਸ ਰਿਹਾ ਸੀ। ਮੇਰੇ ਵਲੈਤ ਵਾਲੇ ਕਾਗਤ ਆ ਗਏ। ਹੁਣ ਆਪਾਂ ਗੋਰਿਆਂ ਦਾ ਦੇਸ਼ ਵਲੈਤ ਘੁੰਮਣ ਜਾਣਾ। ਸੁੱਚਾ ਤੇ ਬੜੀ ਦੇਰ ਦਾ ਮਗਰ ਪਿਆ ਸੀ, ਬੱਸ ਮੇਰਾ ਵਿਹਲ ਨੀ ਲੱਗਦਾ ਸੀ। ਪਰ ਹੁਣ ਉਹਨੇ ਕਾਗਤ ਭੇਜੇ ਆ, ਜਾਣਾ ਈ ਪਊ।  ਇਹ ਗੱਲ ਜੀਤ ਸਿੰਘ ਹਰ ਰਾਹ ਗਲੀ ਜਾਂ ਮੋੜ 'ਤੇ ਮਿਲਣ ਵਾਲੇ ਨਾਲ ਸਾਂਝੀ ਕਰਦਾ।  
ਇਸੇ ਤਰਾਂ ਖੁਸ਼ੀ ਖੁਸ਼ੀ ਉਹ ਵੀਜ਼ਾ ਲਵਾਉਣ ਗਿਆ। ਵੀਜ਼ਾ ਲੱਗਣ ਤੇ ਉਸਨੇ ਸੁੱਚਾ ਸਿੰਘ ਨੂੰ ਫੋਨ ਕਰ ਕੇ ਜਿੱਥੇ ਵਧਾਈ ਦਿੱਤੀ ਉੱਥੇ ਵਲੈਤ ਨੂੰ ਬਹੁਤ ਨੇੜਿਉਂ ਤੱਕਣ ਦੇ ਚਾਅ ਵਿੱਚ ਖੀਵਾ ਹੋਇਆ ਫਿਰਦਾ ਸੀ। ਉਸਨੇ ਸੁੱਚਾ ਸਿੰਘ ਦੇ ਸਾਰੇ ਟੱਬਰ ਲਈ ਜੀਅ ਆਇਆ ਖਰਚਾ ਕਰਕੇ ਸਮਾਨ ਲਿਆ ਸੀ। 
ਏਅਰਪੋਰਟ ਤੋਂ ਉਸਨੂੰ ਲੈਣ ਲਈ ਸੁੱਚਾ ਸਿੰਘ ਆਇਆ ਸੀ ਪਰ ਘੰਟਾ ਲੇਟ ਪੁੱਜਣ ਲਈ ਟਰੈਫਿਕ ਦਾ ਬਹਾਨਾ ਲਾ ਦਿੱਤਾ। ਅਖੇ ਇੱਥੇ ਵਲੈਤ ਵਿੱਚ ਇੱਕ ਵਾਰ ਰੋਡ ਬੰਦ ਹੋਜੇ ਤੇ ਕਈ ਘੰਟੇ ਖੁੱਲਦਾ ਨੀ। ਕਿਉਂਕਿ ਉਹ ਜਾਣਦਾ ਸੀ ਜੀਤ ਸਿੰਘ ਸਦਾ ਸੁੱਚਾ ਸਿੰਘ ਨੂੰ ਲੈਣ ਲਈ ਘੰਟਾ ਦੋ ਘੰਟੇ ਪਹਿਲਾ ਪਹੁੰਚਦਾ ਸੀ। 
                  ਉਹ ਘਰ ਆਏ ਤਾਂ ਸਾਰੇ ਟੱਬਰ ਨੂੰ ਇਹ ਫਿਕਰ ਸੀ ਕਿ ਜੀਤ ਸਿੰਘ ਕਿਸ ਦੇ ਕਮਰੇ ਵਿੱਚ ਸੌਂਵੇਗਾ। ਪਰ ਜੀਤ ਸਿੰਘ ਤਾਂ ਵਲੈਤ ਦੇ ਰੰਗ ਦੇਖਣ ਲਈ ਕਾਹਲਾ ਸੀ। ਉਸਨੇ ਸਮਾਨ ਗੱਡੀ ਵਿੱਚੋਂ ਉਤਾਰ ਕੇ ਸਾਰਿਆਂ ਨੂੰ ਉਹਨਾਂ ਦਾ ਸਮਾਨ ਦੇ ਕੇ ਕਹਿਣ ਲੱਗਾ 'ਹੁਣ ਆਪਾਂ ਖਾਣੀ ਆ ਰੋਟੀ ਤੇ ਨਾਲੇ ਥੋੜਾ ਘੁੰਮਣ ਨੂੰ ਜੀਅ ਕਰਦਾ। 
ਇਸਤੋਂ ਪਹਿਲਾਂ ਕਿ ਸੁੱਚਾ ਸਿੰਘ ਕੁਝ ਬੋਲਦਾ, ਉਸਦੀ  ਘਰ ਵਾਲੀ ਕਹਿਣ ਲੱਗੀ ਭਾਜੀ ਰੋਟੀ ਤੇ ਹੁਣ ਆਪਾਂ ਰਾਤ ਨੂੰ ਖਾਂਵਾਗੇ। ਆਹ ਕਿਹੜਾ ਵੇਲਾ ਰੋਟੀ ਦਾ, ਇੱਥੇ ਤਾਂ ਸਾਰੇ ਟਾਈਮ ਨਾਲ ਖਾਂਦੇ ਆ, ਟਾਈਮ ਨਾਲ ਪੀਂਦੇ ਆ। ਉਹ ਇੰਡੀਆ ਈ ਆ ਜਿੱਥੇ ਜਦੋਂ ਮਰਜ਼ੀ ਰੋਟੀ ਖਾਹ ਲਉ, ਚਾਹ ਪੀ ਲਉ, ਵਾਂਡੇ ਚਲੇ ਜਾA ਜਾਂ ਘੁੰਮਣ ਫਿਰਨ ਨਿੱਕਲ ਜਾਉ। ਇੱਥੇ ਸਾਰਾ ਕੁਝ ਘੜੀ ਨਾਲ ਹੁੰਦਾ। ਤੁਸੀਂ ਸਫ਼ਰ ਕਰਕੇ ਆਏ ਉ, ਜ਼ਰਾ ਆਰਾਮ ਕਰ ਲਉ ਅਸੀਂ ਬਾਹਰ ਨੂੰ ਜਾਣਾ ਸਾਨੂੰ ਕੰਮ ਆ ਥੋੜਾ ਜਿਹਾ। ਮਿੰਦਰ ਕੌਰ ਨੇ ਸਾਫ਼ ਲਫਜ਼ਾਂ ਵਿੱਚ ਸਭ ਕੁਝ ਬੜੀ ਬੇਬਾਕ ਜਿਹੀ ਹੋ ਕੇ ਕਹਿ ਦਿੱਤਾ।
ਮੈਂ ਘਰ ਕੀ ਕਰਨਾ, ਮੈਂ ਵੀ ਤੁਹਾਡੇ ਨਾਲ ਬਾਹਰ ਚਲੇ ਚੱਲਦਾ। ਜੀਤ ਸਿੰਘ ਨੇ ਬੜੀ ਅਪਣੱਤ ਜਿਹੀ ਨਾਲ ਕਿਹਾ।
ਅੱਗੋਂ ਸੁੱਚਾ ਸਿੰਘ ਦੀ ਘਰ ਵਾਲੀ ਮੋੜਵੇਂ ਜਵਾਬ ਵਿੱਚ ਕਹਿਣ ਲੱਗੀ ਭਾਜੀ ਤੁਹਾਡੇ ਕੱਪੜੇ ਇੰਡੀਆ ਵਾਲੇ ਪਾਏ ਆ ਸਾਰਿਆਂ ਨੇ ਕਹਿਣਾਂ ਆਹ ਪੇਂਡੂ ਜਿਹਾ ਕੌਣ ਆ, ਸਾਨੂੰ ਸ਼ਰਮ ਆਊਗੀ। ਤੁਸੀਂ ਅਜੇ ਦੋ ਚਾਰ ਦਿਨ ਘਰੇ ਰਹੋ ਤਾਂ ਚੰਗਾ। 
ਆਪਣੀ ਘਰ ਵਾਲੀ ਦੀ ਗੱਲ ਨੁੰ ਸੰਭਾਲਦੇ ਹੋਏ ਸੁੱਚਾ ਸਿੰਘ ਵਿੱਚੋਂ ਬੋਲ ਪਿਆ। ਦੇਖ ਲਾ ਭਾਊ ਤੈਨੂੰ ਟਿੱਚਰਾਂ ਕਰਦੀ ਭਰਜਾਈ ਤੇਰੀ। ਤੂੰ ਆਰਾਮ ਕਰਲੈ ਤੇ ਅਸੀਂ ਆਏ ਬਾਹਰੋਂ ਹੋ ਕੇ।
                  ਉਹਨਾਂ ਜੀਤ ਸਿੰਘ ਨੂੰ ਪਾਣੀ ਦਾ ਗਿਲਾਸ ਪਿਲਾ ਕੇ ਚਾਹ ਦਾ ਕੱਪ ਥਰਮਸ ਵਿੱਚੋਂ ਪਾ ਕੇ ਦੇ ਦਿੱਤਾ ਤੇ ਆਪ ਬਾਹਰ ਨਿੱਕਲ ਗਏ। ਉਹ ਦੁਪਿਹਰ ਦੇ ਗਏ ਰਾਤ ਦੇ ਨੌਂ ਵਜੇ ਮੁੜੇ। ਆਉਂਦਿਆਂ ਨੂੰ ਜੀਤ ਸਿੰਘ ਕੁਰਸੀ ਤੇ ਹੀ ਟੇਡਾ ਹੋਇਆ ਸੁੱਤਾ ਪਿਆ ਸੀ। ਆਪ ਉਹ ਖਾਣਾ ਬਾਹਰੋਂ ਖਾ ਆਏ ਸਨ ਤੇ ਜੀਤ ਸਿੰਘ ਲਈ ਪੈਕ ਕੀਤਾ ਖਾਣਾ ਲੈ ਆਏ। ਸੁੱਚਾ ਸਿੰਘ ਨੇ ਉਸਨੂੰ ਜਗਾ ਕੇ ਕਿਹਾ ਚੱਲ ਭਾਊ ਰੋਟੀ ਖਾ ਲੈ। ਫਿਰ ਕੋਈ ਗੱਲ ਸੁਣਾ ਪਿੰਡ ਦੀ। ਕਿਦਾਂ ਰਿਹਾ ਤੇਰਾ ਸਫ਼ਰ। 
ਜੀਤ ਸਿੰਘ ਕਹਿਣਾ ਚਾਹੁੰਦਾ ਸੀ ਕਿ ਉਹਨਾ ਮੈਂ ਜਹਾਜ਼ ਵਿੱਚ ਨੀ ਥਕਾਵਟ ਮਹਿਸੂਸ ਕੀਤੀ ਜਿੰਨੀ ਏਥੇ ਆ ਕੇ ਕੀਤੀ ਆ। ਪਰ ਉਹ ਚੁੱਪ ਹੀ ਰਿਹਾ ਤੇ ਰੋਟੀ ਵਾਲੇ ਟੇਬਲ ਨਾਲ ਲੱਗੀ ਕੁਰਸੀ 'ਤੇ ਬੈਠ ਗਿਆ। ਮਿੰਦਰ ਕੌਰ  ਨੇ ਉਸਨੂੰ ਰੋਟੀ ਪਾ ਕੇ ਫੜਾਈ ਤਾਂ ਉਸਦੇ ਮੂੰਹੋਂ ਸੁਭਾਵਿਕ ਹੀ ਨਿੱਕਲ ਗਿਆ। ਤੁਸੀਂ ਰੋਟੀ ਨੀ ਖਾਂਦੇ! ਜੋ ਮੈਨੂੰ 'ਕੱਲੇ ਨੂੰ ਦੇ ਰਹੇ ਉਂ। ਵੈਸੇ ਵੀ ਜੀਤ ਸਿੰਘ ਰੋਟੀ ਤੋਂ ਪਹਿਲਾਂ ਗਲਾਸੀ ਦਾ ਸ਼ੌਕੀਨ ਸੀ। ਉਹ ਤਾਂ ਸੁੱਚਾ ਸਿੰਘ ਵੱਲ ਦੇਖ ਰਿਹਾ ਸੀ ਕਿ ਕਦੋਂ ਬਾਹਰਲੀ ਕੱਢਦਾ। ਪਰ ਸੁੱਚਾ ਸਿੰਘ ਤਾਂ ਇੰਡੀਆ ਵਾਲਾ ਹੈ ਈ ਨਹੀਂ ਸੀ। ਉਹ ਤਾਂ ਵਲੈਤੀਆ ਸੁੱਚਾ ਸਿੰਘ ਸੀ, ਜੋ ਘਰ ਵਾਲੀ ਦੇ ਹੁਕਮ ਵਿੱਚ ਬੱਧਾ ਹੋਇਆ ਪੁਤਲੀ ਬਣਿਆ ਖੜਾ ਸੀ। 
ਨਹੀਂ ਨਹੀਂ ਖਾਂਦੇ ਕਿਉਂ ਨਹੀਂ, ਸਭ ਕੁਸ਼ ਖਾਈਦਾ। ਅੱਜ ਨਿਆਣੇ ਕਹਿੰਦੇ ਡੈਡ ਬਾਹਰ ਖਾਣਾ ਇਸ ਲਈ ਅਸੀਂ ਖਾ ਆਏ ਆਂ। ਤੇਰੇ ਲਈ ਪੈਕ ਕਰ ਲਿਆਂਦਾ। ਇਹ ਯੂਕੇ ਆ ਇੱਥੇ ਚੱਲਦਾ ਸਭ ਕੁਝ ਭਾਊ। ਤੂੰ ਖਾਹਲਾ ਤੇ ਮੈਂ ਤੇਰੇ ਲਈ ਪੈੱਗ ਲਿਆਉਨਾ ਬਣਾ ਕੇ। ਸੁੱਚਾ ਸਿੰਘ ਅਲਮਾਰੀ ਵਿੱਚੋਂ ਹੀ ਪੈੱਗ ਬਣਾ ਕੇ ਬੋਤਲ ਉੱਥੇ ਰੱਖ ਆਇਆ ਸੀ। ਲਿਆ ਕੇ ਜੀਤ ਸਿੰਘ ਵੱਲ  ਪੈੱਗ ਵਾਲਾ ਹੱਥ ਵਧਾਉਂਦੇ ਹੋਏ ਕਹਿਣ ਲੱਗਾ ਲੈ ਭਾਊ ਤੂੰ ਆਹ ਗਲਾਸੀ ਲਾ ਤੇ ਰੋਟੀ ਖਾ। ਸਫਰ ਦਾ ਥੱਕਿਆ ਹੋਣੈ। ਮੈਂ ਵੀ ਸਵੇਰੇ ਕੰਮ ਤੇ ਜਾਣਾ ਤੇ ਹੁਣ ਸੌਵਾਂ ਜਾ ਕੇ। Aਕੇ ਗੁੱਡ ਨਾਈਟ।
ਜੀਤ ਸਿੰਘ ਬੜਾ ਅਜੀਬ ਜਿਹਾ ਮਹਿਸੂਸ ਕਰ ਰਿਹਾ ਸੀ। ਉਸਦੇ ਮੂੰਹ ਵਿੱਚ ਰੋਟੀ ਫੁੱਲ ਰਹੀ ਸੀ। ਪਰ ਫਿਰ ਵੀ ਸਵੇਰ ਦਾ ਭੁੱਖਾ ਹੋਣ ਕਰਕੇ ਅਤੇ ਇੱਕ ਪੇਂਡੂ ਸਿੱਧਾ ਪੱਧਰਾ ਕਿਸਾਨ ਹੋਣ ਕਰਕੇ ਖਾ ਰਿਹਾ ਸੀ। ਉਸਦੀ ਸੋਚ ਕਈ ਪਾਸੀਂ ਦੌੜ ਰਹੀ ਸੀ। ਪਰ ਉਸਨੇ ਬੜੀ ਕਾਹਲੀ ਨਾਲ ਗਲਾਸੀ ਇੱਕੋ ਸਾੜੇ ਪੀ ਕੇ ਰੋਟੀਆਂ ਦੋ ਚਾਰ ਖਾਧੀਆਂ ਤੇ ਦੱਸੇ ਹੋਏ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ। ਕੱਲ ਨੂੰ ਕੁਝ ਨਵਾਂ ਦੇਖਣ ਦੀ ਲਾਲਸਾ ਨਾਲ ਤੇ ਵਲੈਤ ਦੇ ਚਾਅ ਨੇ ਉਸਦੀ ਪਹਿਲੇ ਦਿਨ ਵਾਲੀ ਮਾਯੂਸੀ ਨੂੰ ਬਹੁਤਾ ਉਭਰਨ ਨਾ ਦਿੱਤਾ। 
ਦੂਜੇ ਦਿਨ ਜਦੋਂ ਜੀਤ ਸਿੰਘ ਉੱਠਿਆ ਤਾਂ ਸੁੱਚਾ ਸਿੰਘ ਕੰਮ ਤੇ ਜਾ ਚੁੱਕਾ ਸੀ। ਬੱਚੇ ਸਕੂਲ ਚਲੇ ਗਏ। ਮਿੰਦਰ ਕੌਰ ਘਰੇ ਸੀ। ਉਸ ਬਹੁਤੀ ਗੌਰ ਨਾਲ ਚਾਹ  ਪਾਣੀ ਬਾਰੇ ਜੀਤ ਸਿੰਘ ਕੁਝ ਨਾ ਪੁਛਿਆ। ਜੀਤ ਸਿੰਘ ਨੇ ਆਪ ਹੀ ਮੰਗ ਕੇ ਚਾਹ ਪੀਤੀ। ਫਿਰ ਰੋਟੀ ਵੀ ਉਸ ਮੰਗ ਕੇ ਖਾਧੀ। ਉਹ ਬਹੁਤ ਅਜੀਬ ਜਿਹੇ ਮਾਹੌਲ ਵਿੱਚ ਫਸ ਗਿਆ ਲੱਗਦਾ ਸੀ। ਉਸਨੂੰ ਆਪਣੀ ਇੱਕ ਮਹੀਨੇ ਦੀ ਵਲੈਤ ਫੇਰੀ ਸਦੀਆਂ ਵਾਂਗ ਲੰਬੀ ਦਿੱਸ ਰਹੀ ਮਹਿਸੂਸ ਹੋ ਰਹੀ ਸੀ। ਸਾਰਾ ਦਿਨ ਉਸਨੇ ਅੰਦਰ ਬਹਿ ਕੇ ਉੱਸਲਵੱਟੇ ਲੈਂਦਿਆਂ ਗੁਜਾਰਿਆ ਸੀ। ਕਦੇ ਲੰਮਾ ਪੈ ਜਾ, ਕਦੇ ਬਹਿ ਜਾ ਤੇ ਕਦੇ ਖੜਾ ਹੋ ਜਾ। ਭਰਜਾਈ ਤਾਂ ਨਾ ਕੋਈ ਗੱਲ ਕਰੇ ਨਾ ਬਾਤ। ਜਿਸਦੀ ਪਿੰਡ ਜਾ ਕੇ ਮੂੰਹ ਵਿੱਚ ਜ਼ੁਬਾਨ ਨਹੀਂ ਪੈਂਦੀ ਹੁੰਦੀ ਉਹ ਗੂੰਗੀ ਬਣੀ ਹੋਈ ਸੀ। ਜੀਤ ਸਿੰਘ ਨੂੰ ਕਦੇ ਆਪਣੇ 'ਤੇ ਕਦੇ ਸੁੱਚਾ ਸਿੰਘ 'ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ। ਉਹ ਆਪਣੇ ਆਪ ਵਿੱਚ ਬੁੜ ਬੁੜ ਕਰ ਰਿਹਾ ਸੀ ਸਾਲੇ ਵਲੈਤ ਦੇ, ਢੇਕੇ ਵਲੈਤ ਦੇ। ਇਹ ਤਾਂ ਜੇਲ ਤੋਂ ਵੀ ਭੈੜੀ ਆ, ਕੰਜਰ ਦਿਉ। ਜੀਤ ਸਿੰਘ ਬੁੜ ਬੁੜ ਕਰਦਾ ਸੋਚਣ ਲੱਗਾ ਕਿ ਜਦੋਂ ਇਹ ਪਿੰਡ ਜਾਂਦੇ ਅਸੀਂ ਸਾਰਾ ਟੱਬਰ ਇਹਨਾਂ ਦੀਆਂ ਲਾਲਾਂ ਚੱਟਦੇ ਫਿਰਦੇ ਆਂ। ਇਹਨਾਂ ਦੀ ਪ੍ਰਾਹੁਣਚਾਰੀ ਕਰਦੇ ਨੀ ਥੱਕਦੇ। ਖਾਣਾ ਪੀਣਾ ਕਦੇ ਘਰੋਂ ਮੁੱਕਣ ਨੀ ਦਿੱਤਾ। ਚਾਰ ਬੰਦੇ ਇਹਨਾਂ ਨਾਲ ਘਰ ਆ ਜਾਣ ਮੱਥੇ ਵੱਟ ਨੀ ਪਾਇਆ। ਇਹ ਸਾਲੇ ਦੇ ਬੁਲਾਉਂਦੇ ਤੱਕ ਨੀ। ਆਪਣਾ ਕੰਮ ਕਾਰ ਛੱਡ ਕੇ ਇਹਨਾਂ ਦੀ ਹਰ ਲੋੜ ਪੂਰੀ ਕਰੀਦੀ। ਆਹ ਤੇ ਹੱਦ ਕਾਹਦੀ ਹੱਦੋਂ ਵੱਧ ਹੋਗੀ। ਮੈਂ ਕਿਹੜਾ ਇਹਨਾਂ ਕੋਲ ਸਦਾ ਰਹਿਣ ਆਇਆਂ। ਟਿਕਟ ਆਪਣੀ ਖਰਚੀ ਆ। ਇਹਨਾਂ 'ਤੇ ਵੱਖਰੇ ਲਾ ਕੇ ਆਇਆ। ਮ੍ਹੈਂ ਧਾਰ ਨੀ ਮਾਰਦਾ ਇਹੋ ਜਿਹੀ ਵਲੈਤ ਨੂੰ। ਜੀਤ ਸਿੰਘ ਦਾ ਅੰਦਰਲਾ ਜੱਟ ਜਾਗ ਚੁੱਕਾ ਸੀ। ਉਸਦਾ ਕਿਸਾਨੀ ਸੁਭਾਅ ਹੁਣ ਮੋਮ ਤੋਂ ਪਹਾੜ ਬਣ ਗਿਆ ਸੀ। ਉਹ ਖੇਤਾਂ ਵਿੱਚ ਰਾਤਾਂ ਕੱਟਣ ਵਾਲਾ ਮਿਹਨਤੀ ਕਿਸਾਨ ਆਪਣੇ ਤਾਏ ਦੇ ਪੁੱਤ ਨੂੰ ਅਹਿਸਾਸ ਕਰਵਾ ਕੇ ਰਾਤ ਵਲੈਤ ਦੀ ਧਰਤੀ 'ਤੇ ਬਾਹਰ ਕੱਟਣ ਨੂੰ ਤਿਆਰ ਸੀ। ਬੱਸ ਉਡੀਕ ਸੀ ਸੁੱਚਾ ਸਿੰਘ ਦੀ ਜੋ ਕੰਮ ਤੋਂ ਆਉਣ ਹੀ ਵਾਲਾ ਸੀ। 
ਬਾਹਰੋਂ ਅੰਦਰ ਜਦੋਂ ਸੁੱਚਾ ਸਿੰਘ ਦਾਖਲ ਹੋਇਆ ਤਾਂ ਜੀਤ ਸਿੰਘ ਨੇ ਬੜੇ ਠਰੰਮੇ ਨਾਲ ਪਰ ਗੜਕਵੀ ਆਵਾਜ਼ ਵਿੱਚ ਕਿਹਾ, ਉਹ ਸੁੱਚਿਆ ਕੀ ਆਹ ਤੇਰੀ ਵਲੈਤ ਆ। ਘਰ ਆਏ ਨੂੰ ਕੈਦ ਕਰ ਕੇ ਰੱਖ ਛੱਡੋ। ਨਾ ਚੱਜ ਨਾਲ ਰੋਟੀ ਨਾ ਪਾਣੀ। ਉਹ ਵੀ ਖੈਰ ਬੰਦਾ ਭੁੱਖਾ ਰਹਿ ਲੂ। ਪਰ ਆਹ ਸਾਰਾ ਦਿਨ ਰਾਤ ਅੰਦਰੇ ਲਿਆ ਕੇ ਡੱਕ ਛੱਡਣਾ, ਕਾਹਦੀ ਵਲੈਤ ਆ। ਤੇਰਾ ਕੀ ਨੀ ਕੀਤਾ ਮੈਂ ਤੇ ਮੇਰੇ ਟੱਬਰ ਨੇ। ਤੂੰ ਮੈਨੂੰ ਇੱਕ ਗਲਾਸੀ ਸ਼ਰਾਬ ਦੀ ਪਿਲਾ ਕੇ ਆਪ ਢੀਠਾਂ ਵਾਂਗ ਅੰਦਰ ਜਾ ਕੇ ਪੈ ਗਿਆ। ਮੇਰੇ ਕੋਲ ਕੀ ਘੱਟ ਆ ਤੇਰੇ ਨਾਲੋਂ। ਕਿੰਨੇ ਸਾਲ ਹੋਗੇ ਤੈਨੂੰ ਜਾਂਦੇ ਨੂੰ ਕਦੇ ਕੁਝ ਮੰਗਿਆ ਨੀ ਤੇਰੇ ਕੋਲੋਂ, ਤੈਨੂੰ ਕੁਛ ਦਿੱਤਾ ਈ ਹੋਊ। ਪਰ ਆ ਬੇਜ਼ਤੀ ਨੀ ਕਰਾ ਹੁੰਦੀ। ਮੈਨੂੰ ਹੁਣੇ ਏਅਰਪੋਰਟ ਤੇ ਛੱਡ ਕੇ ਆ ਤੇ ਮੈਂ ਨੀ ਰਹਿਣਾ ਤੇਰੀ ਸੋਹਣੀ ਵਲੈਤ ਵਿੱਚ। ਤੁਹਾਡਾ ਲਹੂ ਹੁਣ ਪੰਜਾਬੀ ਨਹੀਂ ਵਲੈਤੀ ਹੋ ਗਿਆ। ਤੁਸੀਂ ਪਿੰਡ ਜਾ ਕੇ ਸਾਡੀ ਭੋਲੇ ਭਾਲੇ ਲੋਕਾਂ ਦੀ ਭਲਮਾਣਸੀ ਨੂੰ ਆਪਣੇ ਲਈ ਵਰਤਣ ਵਾਲਿਉ ਕਦੇ ਦੇਖਿਆ ਕਿ ਅਸੀਂ ਤੁਹਾਡੇ ਆਪਣਾ ਸਾਰਾ ਕੰਮ ਕਾਰ ਛੱਡ ਦਈਦਾ, ਤੁਹਾਡੇ ਹੋ ਜਾਈਦਾ। ਤੁਸੀਂ ਕੰਮ ਦੇ ਗੁਲਾਮ, ਰੰਨ ਦੇ ਗੁਲਾਮ ਉੱਤੋਂ ਆ ਗੋਰੇ ਚੰਮ ਦੇ ਗੁਲਾਮ ਹੋ ਕੇ ਆਏ ਭੈਣ ਭਰਾਵਾਂ ਨੂੰ ਅੰਦਰੀਂ ਤਾੜ ਦਿੰਦੇ ਉ। ਤੁਸੀ ਨਾ ਪੰਜਾਬੀ ਰਹੇ ਤੇ ਨਾ ਤੁਸੀਂ ਗੋਰੇ ਬਣ ਸਕੇ। ਤੁਸੀਂ ਦੋਗਲੇ ਉ ਦੋਗਲੇ। ਜੀਤ ਸਿੰਘ ਆਪਣਾ ਮਨ ਹੌਲਾ ਕਰਕੇ ਅੰਦਰ ਆ ਕੇ ਬੈਠ ਗਿਆ। ਉਹ ਜਲਦ ਤੋਂ ਜਲਦ ਤੋਂ ਵਾਪਸ ਜਾਣਾ ਚਾਹੁੰਦਾ ਸੀ। ਬੈਠੇ ਬੈਠੇ ਦੀ ਸੋਚ ਆਪਣੇ ਪਿੰਡ ਪਹੁੰਚ ਗਈ। ਜਿੱਥੇ ਹਰ ਬਾਹਰੋਂ ਆਏ ਭੈਣ ਭਾਈ ਨੂੰ ਉਹ ਗਲ ਲਾ ਕੇ ਮਿਲਦਾ ਸੀ। ਪਰ  ਵਲੈਤ ਵਾਲੇ ਵੱਡੇ ਅਮੀਰ ਤੰਗ ਦਿਲਾਂ ਦੇ ਮਾਲਕ, ਰੰਗ ਦੇ ਗੋਰੇ ਹੋ ਕੇ ਵੀ ਦਿਲਾਂ ਦੇ ਬਹੁਤ ਕਾਲੇ ਨਜ਼ਰ ਆ ਰਹੇ ਸਨ, ਉਸ ਨੂੰ ਉਹ ਚਿੱਟੇ ਤੁੰਮੇ ਵਾਂਗ ਲੱਗ ਰਹੇ ਸਨ ਜੋ ਬਾਹਰੋ ਚਿੱਟਾ ਤੇ ਅੰਦਰੋਂ ਕਾਲਾ ਹੁੰਦਾ ਹੈ। ਘਰਾਂ ਦੇ ਸ਼ੀਸ਼ੇ ਭਾਂਵੇਂ ਲਿਸ਼ਕਦੇ ਸਨ, ਪਰ ਉਹਨਾਂ ਦੀ ਨਿਗ੍ਹਾ ਵਾਲੇ ਦੀਦੇ ਧੁੰਦਲੇ ਹੋ ਚੁੱਕੇ ਸਨ। ਕਾਰਾਂ ਦੇ ਮਾਲਿਕ ਬਣ ਜਾਣ ਤੇ ਵੀ ਪਿੰਡ ਵਾਲਾ ਗੱਡਾ ਜਾਂ ਸੁਹਾਗਾ ਉਹਨਾਂ ਨਾਲੋਂ ਕਿਤੇ ਵੱਧ ਪਿਆਰਾ ਲੱਗਦਾ ਸੀ। ਸ਼ਾਇਦ ਕਹਿਣ ਨੂੰ ਵਲੈਤ ਇੱਕ ਸੋਹਣਾ ਮੁਲਕ ਸੀ। ਪਰ ਅਸਲ ਪੰਜਾਬੀਅਤ ਤੋਂ ਕੋਹਾਂ ਦੂਰ ਤੇ ਸੱਖਣਾ ਸੀ। ਜਿਸ ਵਿੱਚ ਸਿਵਾਏ ਮੌਕਾ ਅਤੇ ਮਤਲਬਪ੍ਰਸਤ ਜਿੰਦਗੀ ਦੇ ਹੋਰ ਕੁਝ ਨਹੀਂ ਸੀ।