ਪੰਜਾਬ ਵਿਚ ਕੀ ਖਟਿਆ ਕੀ ਗਵਾਇਆ (ਕਿਸ਼ਤ-1) (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


(ਨੋਟ:-ਪੰਜਾਬ ਵਿਚ ਜ਼ਮੀਨਾਂ ਜਾਇਦਾਦਾਂ ਵੇਚਣ ਵਾਲੇ ਐਨ. ਆਰ. ਆਈ. ਪੂਰੇ ਧਿਆਨ ਨਾਲ ਪੜ੍ਹਨ।)

ਪੰਜਾਬੀ ਦਾ ਇਕ ਲੋਕ ਗੀਤ ਹੈ, "ਤੇਰੀ ਹਰ ਮਸਿਆ ਬਦਨਾਮੀ ਮੋਤੀਆਂ ਦੇ ਲੌਂਗ ਵਾਲੀਏ" ਵਾਂਗ ਸਾਰੀ ਮੋਹਾਲੀ ਵਿਚ ਖਬਰ ਫੈਲ ਚੁਕੀ ਸੀ ਕਿ ਇਕ ਐਨ. ਆਰ. ਆਈ. ਕੈਨੇਡਾ ਤੋਂ ਆਪਣੀ ਕੋਠੀ ਵੇਚਣ ਆਇਆ ਹੈ। ਪੰਜਾਬ ਵਿਚ ਜਾਇਦਾਦਾਂ ਦੇ ਭਾਅ ਬਹੁਤ ਡਿਗ ਪੈਣ ਨਾਲ ਕੋਠੀ ਦੀ ਕੀਮਤ ਅਧ ਤੇ ਆ ਗਈ ਸੀ। ਸਬ ਤੋਂ ਵਡੀ ਸਿਤਮ ਜ਼ਰੀਫ ਇਹ ਸੀ ਕਿ ਮਾਰਕੀਟ ਵਿਚ ਗਾਹਕ ਹੀ ਕੋਈ ਨਹੀਂ ਸੀ। ਚਾਰ ਕਰੋੜ ਦੀ ਕੋਠੀ ਕੋਈ ਦੋ ਕਰੋੜ ਵਿਚ ਵੀ ਲੈਣ ਨੂੰ ਤਿਅਰ ਨਹੀਂ ਸੀ। ਡਾ: ਸੋਢੀ ਰਾਮ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਸਕੂਲ ਐਜੈਕੇਸ਼ਨ ਬੋਰਡ ਮੋਹਾਲੀ ਵਿਚ ਬੜੇ ਉਚ ਅਹੁਦਿਆਂ ਤੇ ਬਿਰਾਜਮਾਨ ਰਹੇ ਹਨ ਤੇ ਸਾਡਾ ਆਪਸ ਵਿਚ ਬਹੁਤ ਪਿਆਰ ਹੈ, ਮੈਨੂੰ ਸੁਭਾਸ਼ ਐਂਡ ਮਾਂਗਟ ਪਰਾਪਰਟੀ ਡੀਲਰ ਸੈਕਟਰ 22 ਚੰਡੀਗੜ੍ਹ ਦੇ ਖੂਬਸੂਰਤ ਦਫਤਰ ਵਿਚ ਲੈ ਗਏ। 1978 ਵਿਚ ਇਹਨਾਂ ਨੇ ਹੀ ਮੈਨੂੰ ਇਸ ਕੋਠੀ ਦਾ 16 ਮਰਲੇ ਦਾ ਪਲਾਟ 29 ਹਜ਼ਾਰ ਰੁਪੈ ਵਿਚ ਲੈ ਕੇ ਦਿਤਾ ਸੀ। ਮਾਂਗਟ ਸਾਹਿਬ ਜੋ ਹੁਣ ਪਹਿਲੇ ਦਿਨਾਂ ਨਾਲੋਂ ਕੁਝ ਮੋਟੇ ਠੁਲ੍ਹੇ ਹੋ ਗਏ ਸਨ, 33 ਵਰ੍ਹਿਆਂ ਬਾਅਦ ਮਿਲ ਕੇ ਬਹੁਤ ਖੁਸ਼ ਹੋਏ। ਅਧੀ ਪਚਧੀ ਕੋਠੀ ਬਣਾ ਕੇ ਮੈਂ 1982 ਵਿਚ ਕੈਨੇਡਾ ਚਲਾ ਗਿਆ ਤੇ ਬਾਅਦ ਵਿਚ ਕੈਨੇਡਾ ਦੀ ਕਮਾਈ ਨਾਲ ਇਸ ਨੂੰ ਪੂਰਿਆਂ ਕੀਤਾ ਤੇ ਇਸ ਨੂੰ ਦੋ ਮੰਜ਼ਲੀ ਕੋਠੀ ਬਣਾ ਦਿਤਾ। ਸਿਤਮ ਜ਼ਰੀਫੀ ਇਹ ਸੀ 33 ਵਰ੍ਹਿਆਂ ਵਿਚ ਕੈਨੇਡਾ ਤੋਂ ਥ੍ਹੋੜੇ ਥੋੜ੍ਹੇ ਮਹੀਨੇ ਆ ਕੇ ਰਹਿਣ ਤੋ ਇਲਾਵਾ ਮੈਨੂੰ ਇਸ ਵਿਚ ਕਦੇ ਲੰਮਾ ਸਮਾਂ ਰਹਿਣ ਦਾ ਮੌਕਾ ਨਾ ਮਿਲਿਆ। ਹੋ ਸਕਦਾ ਹੈ ਕਿ ਮੈਂ ਟੁਟਵਾਂ ਰਹਿਣ ਤੇ ਇਸ ਵਿਚ 3 ਸਾਲ ਤੋਂ ਵਧ ਨਾ ਰਿਹਾ ਹੋਵਾਂ। ਅੱਜ ਇਹੀ ਕੋਠੀ ਵੇਚਣ ਲਈ ਮੈਂ ਇਕ ਐਨ. ਆਰ. ਆਈ. ਦੀ ਹੈਸੀਅਤ ਵਿਚ ਸੁਭਾਸ਼ ਐਂਡ ਮਾਂਗਟ ਪਰਾਪਰਟੀ ਡੀਲਰਜ਼ ਦੇ ਫਿਰ ਸਾਹਮਣੇ ਬੈਠਾ ਸਾਂ। ਸੁਭਾਸ਼ ਐਂਡ ਮਾਂਗਟ ਪਰਾਪਰਟੀ ਡੀਲਰਜ਼ ਨੇ ਹਜ਼ਾਰਾਂ ਲੋਕਾਂ ਨੂੰ ਨਵੇਂ ਬਣ ਰਹੇ ਸ਼ਹਿਰਾਂ  ਮੋਹਾਲੀ, ਪੰਚਕੂਲਾ ਤੇ ਚੰਡੀਗੜ੍ਹ ਵਿਚ ਪਲਾਟ ਲੈ ਕੇ ਦਿਤੇ ਸਨ ਤੇ ਉਹਨਾਂ ਨੂੰ ਘਰਾਂ ਵਾਲੇ ਬਣਾਇਆ ਸੀ। ਪੁਰਾਣੇ ਦਿਨਾਂ  ਨੂੰ ਯਾਦ ਕਰਦਿਆਂ ਮਾਂਗਟ ਸਾਹਿਬ ਨੇ ਮੇਰੇ ਪਰਵਾਰ ਬਾਰੇ, ਕੈਨੇਡਾ ਵਿਚ ਸੈਟਲ ਹੋਣ ਬਾਰੇ, ਕੈਨੇਡਾ ਦੀ ਰੀਅਲ ਅਸਟੇਟ ਅਤੇ ਸਾਹਤਿਕ ਗਤੀਵਿਧੀਆਂ ਨੂੰ ਜਾਰੀ ਰਖਣ ਬਾਰੇ ਜਾਣ ਕੇ ਬੜੀ ਖੁਸ਼ੀ ਜ਼ਾਹਿਰ ਕੀਤੀ। ਬਹੁਤ ਖੂਬਸੂਰਤ ਕੱਪਾਂ ਵਿਚ ਕਾਫੀ ਪੀਂਦਿਆਂ ਮਾਂਗਟ ਸਾਹਿਬ ਨੇ ਬੜੇ ਠਰੰਮੇ ਨਾਲ ਦਸਿਆ ਕਿ ਮੋਮੀ ਸਾਹਬ ਪਰਾਪਰਟੀਜ਼ ਵਿਚ ਏਨਾ ਜ਼ਿਆਦਾ ਸਲੰਪ ਆ ਚੁਕਾ ਹੈ ਕਿ ਪਰਾਪਰਟੀਜ਼ ਦੀ ਖਰੀਦੋ ਫਰੋਖਤ ਬਿਲਕੁਲ ਠੰਡੇ ਬਸਤੇ ਵਿਚ ਪਈ ਹੈ। ਕੋਈ ਖਰੀਦਾਰ ਹੀ ਨਹੀਂ ਹੈ। ਅਸੀਂ ਜੋ ਕਦੇ ਵਿਹਲੇ ਨਹੀਂ ਰਹੇ, ਵੇਖ ਲੌ ਹਥ ਤੇ ਹਥ ਧਰ ਕੇ ਬੈਠੇ ਹਾਂ, ਦਫਤਰਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ। ਕਈ ਪਰਾਪਰਟੀ ਡੀਲਰਜ਼ ਆਪਣੇ ਦਫਤਰ ਬੰਦ ਕਰ ਗਏ ਹਨ। ਪਿਛਲੇ ਚਾਲੀ ਸਾਲਾਂ ਵਿਚ ਕਦੇ ਇਹੋ ਜਿਹਾ ਮੰਦਾ ਸਮਾਂ ਨਹੀਂ ਵੇਖਿਆ। ਅਸੀਂ ਤੁਹਾਡੀ ਕੋਠੀ ਵੇਚਣ ਦੀ ਐਡ ਅਖਬਾਰ ਵਿਚ ਲਾ ਦਿਆਂਗੇ ਤੇ ਵੇਚਣ ਦੀ ਪੂਰੀ ਕੋਸ਼ਿਸ਼ ਵੀ ਕਰਾਂਗੇ ਪਰ ਵਿਕਣ ਦੇ ਚਾਨਸਜ਼ ਜ਼æੀਰੋ ਹੀ ਹਨ। ਤੁਸੀਂ ਆਪਣੇ ਤੌਰ ਤੇ ਵੀ ਕੋਠੀ ਵੇਚਣ ਦੀ ਕੋਸ਼ਿਸ਼ ਕਰਦੇ ਰਹਿਣਾ। ਕਿਸੇ ਕਿਸਮ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਅਸੀਂ ਹਾਜ਼ਰ ਹਾਂ।"

"ਜੋ ਹੋਊ ਵੇਖੀ ਜਾਊ ਮਾਂਗਟ ਸਾਹਿਬ' ਕਹਿ ਕੇ ਅਤੇ ਫਿਰ ਕਿਸੇ ਵੇਲੇ ਮਿਲਣ ਦਾ ਵਾਅਦਾ ਕਰ ਕੇ ਮੈਂ ਤੇ ਡਾ: ਸੋਢੀ ਰਾਮ ਜੀ ਉਹਨਾਂ ਦੇ ਦਫਤਰ ਵਿਚੋਂ ਬਾਹਰ ਆ ਗਏ। ਵਾਕਿਆ ਹੀ ਮਾਂਗਟ ਸਾਹਿਬ ਦੇ ਦਫਤਰ ਦੇ ਬਹੁਤੇ ਕਾਰਿੰਦੇ ਚੁੱਪ ਕਰ ਕੇ ਬੈਠੇ ਸਨ। ਕਿਸੇ ਦੇ ਫੋਨ ਦੀ ਘੰਟੀ ਨਹੀਂ ਵਜ ਰਹੀ ਸੀ ਅਤੇ ਨਾ ਹੀ ਦਫਤਰ ਦਾ ਕੋਈ ਕਰਮਚਾਰੀ ਕਿਸੇ ਕਲਾਇੰਟ ਨਾਲ ਬੈਠਾ ਵਿਖਾਈ ਦੇ ਰਿਹਾ ਸੀ। ਇਸ ਫੇਰੀ ਤੋਂ ਬਾਅਦ ਵੀ ਮੈਂ ਤੇ ਡਾ: ਸੋਢੀ ਰਾਮ ਜੀ ਮਾਂਗਟ ਸਾਹਿਬ ਕੋਲ ਗਏ ਅਤੇ ਡਾ: ਸਾਹਿਬ ਨੇ ਕਈ ਵਾਰ ਫੋਨ ਵੀ ਕੀਤੇ ਪਰ ਇਸ ਰੀਅਲ ਅਸਟੇਟ ਵਾਲਿਆਂ ਦੇ ਇਸ ਵਡੇ ਦਰ ਤੋਂ ਸਾਨੂੰ ਕੋਈ ਖੈਰ ਨਾ ਪਈ। ਪਰਾਪਰਟੀ ਦੀਆਂ ਕੀਮਤਾਂ ਵੀ ਡਾਊਨ ਸਨ ਅਤੇ ਗਾਹਕ ਵੀ ਕੋਈ ਨਹੀਂ ਸੀ। ਮੇਰਾ ਭਤੀਜਾ ਸਵਰਨ ਮੋਮੀ ਜੋ ਰੇਲਵੇ ਵਿਚ ਸਪੈਸ਼ਲ ਟਿਕਟ ਐਗਜ਼ਾਮੀਨਰ ਹੈ ਅਤੇ ਪਾਰਟ ਟਾਈਮ ਮੋਹਾਲੀ ਵਿਚ ਪਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ, ਮਿਲਣ ਆਇਆ ਕਹਿਣ ਲੱਗਾ ਕਿ ਮੈਂ ਤੁਹਾਡੀ ਕੋਠੀ ਵਿਕਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਉਸ ਨੇ ਕੀਤੀ ਵੀ। ਭਾਵੇਂ ਉਹ ਵੇਚ ਤਾਂ ਨਾ ਸਕਿਆ ਪਰ ਕੋਈ ਵੀ ਸੌਦਾ ਹੋਣ ਵੇਲੇ ਅਗੇ ਹੋ ਕੇ ਗਾਹਕ ਜਾਂ ਪਰਾਰਟੀ ਡੀਲਜ਼ ਨਾਲ ਆਪ ਗੱਲ ਕਰਦਾ ਰਿਹਾ। ਉਸ ਨੇ ਖੁਦ ਵੀ ਅਖਬਾਰ ਵਿਚ ਕੋਠੀ ਵੇਚਣ ਐਡ ਦਿਤੀ ਪਰ ਕਿਸ ਗਾਹਕ ਨਾਲ ਸੌਦਾ ਸਿਰੇ ਨਾ ਚੜ੍ਹ ਸਕਿਆ। ਦੋ ਕਰੋੜ ਤੋਂ ਥੱਲੇ ਵਾਲੇ ਕੁਝ ਗਾਹਕ ਆਏ ਪਰ ਉਹ ਵੀ ਫੇਕ ਹੀ ਨਿਕਲੇ। ਇਕ 80 ਤੋਂ ਉਤੇ ਕੋਈ ਚੜ੍ਹਦਾ ਨਹੀਂ ਸੀ। ਅਨੇਕਾਂ ਪਰਾਪਰਟੀ ਏਜੰਟ ਟੋਲਿਆਂ ਦੇ ਟੋਲੇ ਲੈ ਕੇ ਕੋਠੀ ਵੇਖਣ ਆਉਂਦੇ ਪਰ ਕਿਸੇ ਨਾਲ ਗੱਲ ਸਿਰੇ ਨਾ ਪਹੁੰਚਦੀ। ਕੋਠੀ ਨਾ ਵਿਕਣ ਦਾ ਇਕ ਵਡਾ ਕਾਰਨ ਕੋਠੀ ਸਾਮਣੇ ਛੋਟੇ ਛੋਟੇ ਕਵਾਟਰ ਸਨ ਜਿਨ੍ਹਾਂ ਵਿਚ ਛੋਟੇ ਛੋਟੇ ਖਿਆਲਾਂ ਵਾਲੇ ਬੜੇ ਤਿਖੇ ਠਗ ਕਿਸਮ ਦੇ ਲੋਕ ਰਹਿੰਦੇ ਸਨ ਜਿਨ੍ਹਾਂ ਵਿਚ ਪੈਂਤੀ ਕੁ ਸਾਲ ਦਾ ਜਲਾਲਾਬਾਦ ਵੈਸਟ ਦਾ ਇਕ ਮਧਰੇ ਕੱਦ ਦਾ ਮੁੰਡਾ ਪਰਮਿੰਦਰ ਕੱਕੜ ਰਹਿੰਦਾ ਸੀ। ਉਸਦੇ ਕਈ ਨਾਂ ਸਨ ਜਿਵੇਂ ਧੱਤੂ, ਗੀਂਢੂ, ਮੁਕਰੀ ਆਦਿ। ਉਹ ਮੇਰੀ 2012 ਦੀ ਮੋਹਾਲੀ ਫੇਰੀ ਵੇਲੇ ਕਾਫੀ ਨੇੜੇ ਹੋ ਗਿਆ ਸੀ। ਸਵੇਰੇ ਸਵੇਰੇ ਲੱਕ ਪੀੜ ਦਾ ਬਹਾਨਾ ਬਣਾ ਕੇ ਟੈਲਾਨਲ ਦੀ ਗੋਲੀ ਲੈਣ ਆ ਜਾਂਦਾ। ਮੇਰੀ ਕੇਅਰਟੇਕਰ ਸੀਮਾ ਉਹਨੂੰ ਚਾਹ ਦਾ ਕਪ ਬਣਾ ਦਿੰਦੀ ਤੇ ਉਹ ਚਾਹ ਦਾ ਕੱਪ ਪੀਂਦਾ ਗੱਪਾਂ ਮਾਰ ਕੇ ਮੇਰਾ ਦਿਲ ਲਾਈ ਰਖਦਾ। ਆਪਣੀ ਕਾਰ ਤੇ ਏਧਰ ਓਧਰ ਲੈ ਵੀ ਜਾਂਦਾ ਪਰ ਕਾਰ ਵਿਚ ਬੈਠਣ ਤੋਂ ਬਾਅਦ ਜਿਹੜਾ ਵੀ ਪਹਿਲਾ ਪੈਟਰੋਲ ਪੰਪ ਆAੁਂਦਾ, ਤੇਲ ਪਵਾ ਕੇ ਝੱਟ ਪੰਜ ਸੌ ਜਾਂ ਹਜ਼ਾਰ ਰੁਪੈ ਮੰਗ ਲੈਂਦਾ। ਉਹ ਦਸਦਾ ਕਿ ਉਹ ਕਈ ਕਿਸਮ ਦੇ ਧੰਦੇ ਕਰਦਾ ਸੀ ਜਿਵੇਂ ਦਵਾਈਆਂ ਵੇਚਣੀਆਂ, ਰੀਅਲ ਅਟੇਟ, ਥਾਣੇ, ਕਚਹਿਰੀਆਂ ਤੇ ਦਫਤਰਾਂ ਚੋਂ ਲੋਕਾਂ ਦੇ ਕੰਮ ਕਰਵਾ ਕੇ ਕਮਿਸ਼ਨ ਖਾਣਾ। ਉਹਦੀ ਘਰ ਵਾਲੀ ਜੋ ਪੰਜਾਬੀ ਦੀ ਐਮ. ਏ. ਸੀ, ਕੁੜੀਆਂ ਦਾ ਪੀ. ਜੀ. ਚਲਾਉਂਦੀ ਸੀ ਅਤੇ ਇਹੀ ਉਹਨਾਂ ਦੇ ਗੁਜ਼ਾਰੇ ਦਾ ਸਾਧਨ ਸੀ। ਉਹਦੀਆਂ ਗੱਪਾਂ ਤੇ ਨੁਹਾਰ ਤੋਂ ਪਤਾ ਲਗ ਜਾਂਦਾ ਸੀ ਕਿ ਬੁਨਿਆਦੀ ਤੌਰ ਤੇ ਉਹ ਠੱਗ ਸੀ। ਮੇਰੇ ਗਵਾਂਢ ਵਾਲੀ ਕੋਠੀ ਵਿਚ ਰਹਿੰਦਾ ਧੋਬੀ ਉਹਨੂੰ 'ਫਰਾਡ' ਹੀ ਦਸਦਾ ਸੀ ਕਿਉਂਕਿ ਕਪੜੇ ਪ੍ਰੈਸ ਕਰਵਾ ਕੇ ਉਹ ਪੈਸੇ ਨਹੀਂ ਦਿੰਦਾ ਸੀ। ਉਹ ਅਕਸਰ 7 ਫੇਜ਼ ਦੀਆ ਗਲੀਆਂ ਤੇ ਸੜਕਾਂ ਤੇ ਤੁਰਦਾ ਫਿਰਦਾ ਰਹਿੰਦਾ  ਜਿਵੇਂ ਸ਼ਿਕਾਰ ਲਭ ਰਿਹਾ ਹੋਵੇ। ਮੁਖ ਮੰਤਰੀ ਤੇ ਪੋਲੀਸ ਚੀਫ ਤੋਂ ਥਲੇ ਉਹ ਗੱਲ ਹੀ ਨਹੀਂ ਸੀ ਕਰਦਾ ਤੇ ਜੇ ਉਹਨੂੰ ਕੋਈ ਕੰਮ ਕਹਿ ਦਈਏ ਤਾਂ ਟਾਲ ਮਟੋਲ ਤੋਂ ਇਲਾਵਾ ਹੋਰ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਆਪਣੇ ਗੁਸਤਾਖੀ ਮੁਆਫ ਕਾਲਮ ਵਿਚ "ਮੋਹਾਲੀ ਦੇ ਠਗ" ਕਾਲਮ ਵਿਚ ਉਹਦੇ ਬਾਰੇ ਲਿਖਿਆ ਤੇ ਉਹਨੂੰ ਪੜ੍ਹਾ ਵੀ ਦਿਤਾ ਸੀ। ਉਸ ਵਿਚ ਜਿਥੇ ਬਹੁਤ ਸਾਰੇ ਔਗਣ ਸਨ, ਓਥੇ ਸਿਰਫ ਇਕੋ ਗੁਣ ਸੀ ਕਿ ਜੇ ਉਹਨੂੰ ਝਿੜਕ ਝੰਬ ਵੀ ਲਈਏ ਤਾਂ ਗੁੱਸਾ ਨਹੀਂ ਕਰਦਾ ਸੀ। ਝੂਠ ਬੋਲਣ ਤੇ ਝਿੜਕ ਝੰਬ ਉਸ ਨੂੰ ਰੋਜ਼ ਹੀ ਪੈ ਜਾਂਦੀ ਸੀ ਪਰ ਸੀਮਾ ਉਹਨੂੰ ਵਰਾ ਵਰੂ ਕੇ ਟਿਕਾਣੇ ਲੈ ਆਉਂਦੀ ਅਤੇ ਮਾਲਾ ਦੇ ਮਣਕੇ ਚੋਂ ਡਿਗਣ ਨਾ ਦੇਂਦੀ। ਜਿਹੜੀ ਕੋਠੀ ਵੇਚਣ ਲਈ ਮੈਂ ਆਇਆ ਸਾਂ, ਉਸ ਕੋਠੀ ਨੂੰ  ਵੇਚਣ ਦੀਆਂ ਡੀਂਗਾਂ ਮਾਰਨ ਵਾਲਿਆਂ ਵਿਚ ਉਹ ਪੂਰਾ ਮੋਹਰੀ ਸੀ।

ਫਿਰ ਇਕ ਦਿਨ ਦੋ ਏਜੰਟ ਆਏ ਤੇ ਕਹਿਣ ਲਗੇ ਕਪੂਰਥਲੇ ਦਾ ਐਸ਼ ਡੀ. ਐਮ. ਤੁਹਾਡੀ ਕੋਠੀ ਦਾ ਗਾਹਕ ਹੈ। ਅਸੀਂ ਢਾਈ ਕਰੋੜ ਵਿਚ ਤੁਹਾਡੀ ਕੋਠੀ ਵਿਕਵਾ ਦਿਆਂਗੇ। ਹੋਰ ਮੈਨੂੰ ਕੀ ਚਾਹੀਦਾ ਸੀ ਤੇ ਮੈਂ 'ਹਾਂ' ਕਰ ਦਿਤੀ। ਉਹਨਾਂ ਚੋਂ ਇਕ ਦਾ ਨਾਂ ਬਿਕਰਮ ਜੀਤ ਸਿੰਘ ਤੇ ਦੂਜਾ ਮਨੋਜ ਕੁਮਾਰ ਸੀ। ਮੈਨੂੰ ਪਤਾ ਲਗ ਗਿਆ ਸੀ ਕਿ ਸਭ ਤੋਂ ਜ਼ਿਆਦਾ ਫੁਕਰੇ, ਬਦਮਾਸ਼ ਝੂਠੇ, ਚੋਰ, ਅਤੇ ਹੇਰਾ ਫੇਰੀ ਦੇ ਮਾਹਰ ਇਹ ਪਰਾਪਰਟੀ ਡੀਲਰ ਹੀ ਹੁੰਦੇ ਹਨ। ਅੱਖਾਂ ਬਦਲਣ ਤੋਂ ਬਾਅਦ ਜਿਸ ਨੂੰ ਇਹ "ਟੋਪੀ ਘੁਮਾਉਣਾ" ਕਹਿੰਦੇ ਹਨ, ਇਹ ਫੋਨ ਨਹੀਂ ਚੁਕਦੇ। ਆਏ ਇਹਨਾਂ ਏਜੰਟਾਂ ਕੋਲ ਜਾਇਦਾਦ ਵੇਚਣ ਦੀ ਕੋਈ ਟਰੇਨਿੰਗ, ਸਰਟੀਫਿਕੇਟ ਜਾਂ ਡਿਪਲੋਮਾ ਨਹੀਂ ਸੀ। ਜਦ ਮੈਂ ਪੁਛਿਆ ਕਿ ਤੁਹਾਨੂੰ ਕਿਸ ਨੇ ਦਸਿਆ ਹੈ ਕਿ ਮੈਂ ਕੋਠੀ ਵੇਚਣੀ ਹੈ ਤਾਂ ਉਹ ਮੇਰੇ ਇਸ ਸਵਾਲ ਦਾ ਤਸੱਲੀ ਬਖਸ਼ ਉਤਰ ਨਾ ਦੇ ਸਕੇ। ਬਿਕਰਮਜੀਤ ਸਿੰਘ ਜੋ ਮਸਾਂ ਬਾਈ ਤੇਈ ਸਾਲ ਦਾ ਮੁੰਡਾ ਸੀ, ਉਹਨੇ ਡਰੱਗ ਖਾਧੀ ਹੋਈ ਸੀ ਤੇ ਬਿਨਾ ਵਜ੍ਹਾ ਦੇ ਘੜੀ ਮੁੜੀ ਹਸ ਪੈਂਦਾ ਜਾਂ ਸਿਰ ਉਤਾਂਹ ਠਾਂਹ ਘੁਮਾਉਣ ਲਗ ਪੈਂਦਾ ਜਿਵੇਂ ਮਿਰਗੀ ਦਾ ਦੌਰਾ ਪੈਣ ਵਾਲੇ ਰੋਗੀ ਕਰਦੇ ਹਨ। ਮੈਂ ਸੋਚ ਰਿਹਾ ਸਾਂ ਕਿ ਇਹ ਸਿਰੇ ਦੇ ਪਾਗਲ ਨੇ ਕੋਠੀ ਕੀ ਵੇਚਣੀ ਹੈ। ਦੂਜਾ ਮਨੋਜ ਕੁਮਾਰ ਜੋ ਉਹਦੇ ਨਾਲੋਂ ਕੁਝ ਸਿਆਣਾ ਲਗ ਰਿਹਾ ਸੀ, ਕਹਿਣ ਲੱਗਾ ਕਿ ਬੱਸ ਜੀ ਤੁਸੀਂ ਤਿਆਰ ਹੋ ਜਾਓ, ਅਸੀਂ ਇਕ ਦੋ ਦਿਨਾਂ ਵਿਚ ਤੁਹਾਨੂੰ ਪੰਜਾਹ ਲਖ ਬਿਆਨਾ ਦਿਵਾ ਕੇ ਤੇ ਆਪਣਾ 5 ਲਖ ਕਮਿਸ਼ਨ ਲੈ ਕੇ ਚਲੇ ਜਾਵਾਂਗੇ। ਮੈਂ ਪੁਛਿਆ ਫਿਰ ਕੋਠੀ ਵੇਚਣ ਦੇ ਕਾਗਜ਼ ਕੌਣ ਤਿਆਰ ਕਰੇਗਾ। ਏਨਾ ਕਹਿ ਕੇ ਕਿ ਉਹ ਤੁਸੀਂ ਆਪੇ ਤਿਆਰ ਕਰਦੇ ਰਹਿਣਾ, ਸਾਡਾ ਮਤਲਬ ਤਾਂ ਕਮਿਸ਼ਨ ਲੈਣ ਨਾਲ ਹੈ। ਉਹਨਾਂ ਦੀ ਬੇਵਕੂਫ ਅਤੇ ਚਾਲਾਕੀ ਤੇ ਹੁਣ ਕੋਈ ਸ਼ੱਕ ਬਾਕੀ ਨਹੀਂ ਰਹਿ ਗਿਆ ਸੀ। ਮੈਂ ਸਮਝ ਚੁਕਾ ਸਾਂ ਕਿ ਇਹਨਾਂ ਨੂੰ ਮੇਰੇ ਕਿਸੇ ਰਿਸ਼ਤੇਦਾਰਾਂ ਨੇ ਘਲਿਆ ਹੈ ਜੋ ਬੜੇ ਸਾਲਾਂ ਤੋਂ ਕੋਠੀ ਤੇ ਕਬਜ਼ਾ ਕਰਨ ਲਈ ਫਿਰੋਜ਼ਪੁਰ ਤੋਂ ਮੋਹਾਲੀ ਤੋਂ ਆ ਕੇ ਡੇਰੇ ਲਾਈ ਬੈਠੇ ਸਨ। ਇਹਨਾਂ ਨੇ ਮੇਰੇ ਖਿਲਾਫ ਪੂਡਾ, ਅਸਟੇਟ ਆਫਿਸ ਅਤੇ ਹੋਰ ਕਈ ਮਹਿਕਮਿਆਂ ਨੂੰ ਬੜੀਆਂ ਦਰਖਾਸਤਾਂ ਵੀ ਦਿਤੀਆਂ ਹੋਈਆਂ ਸਨ। 1989 ਵਿਚ ਮੇਰੇ ਮਗਰ ਅਤਿਵਾਦੀ ਵੀ ਲਾਏ ਸਨ ਜੋ ਇਕ ਵਾਰ ਮੈਨੂੰ ਚੁਕਣ ਵੀ ਆ ਗਏ ਸਨ ਪਰ ਘਰ ਵਿਚ ਨਾ ਹੋਣ ਕਰ ਕੇ ਮੈਂ ਬਚ ਗਿਆ ਸਾਂ। ਆਪਣੇ ਬਚਾਓ ਲਈ ਮੈਂ ਥਾਣਾ ਫੇਜ਼ 8 ਚੋਂ ਐਸ਼ ਐਚ. ਓ. ਮਜੀਠਿਆ ਨੂੰ ਕਹਿ ਕੇ ਸਿਕਿਰਓਟੀ ਲੈ ਲਈ ਸੀ। ਆਖਰ ਉਹ ਮੰਨ ਗਏ ਕਿ ਉਹਨਾਂ ਨੂੰ ਭੇਜਣ ਵਾਲੇ ਕੌਣ ਸਨ ਅਤੇ ਮੈਂ ਪੂਰੇ ਦਬਕੇ ਮਾਰ ਕੇ ਉਹਨਾਂ ਨੂੰ ਕੋਠੀ ਵਿਚੋਂ ਬਾਹਰ ਕਢ ਦਿਤਾ। ਇਹ ਵਾਰਨਿੰਗ ਵੀ ਦੇ ਦਿਤੀ ਕਿ ਜੇ ਉਹ ਦੋਬਾਰਾ ਆਏ ਤਾਂ ਮੈਂ ਐਨ. ਆਰ. ਆਈ. ਪੋਲੀਸ ਨੂੰ ਸੂਚਿਤ ਕਰ ਦਿਆਂਗਾ। ਡਰਗ ਖਾਧੀ ਵਾਲਾ ਮੁੰਡਾ ਬਿਕਰਮਜੀਤ ਸਿੰਘ ਤੇ ਦੂਜਾ ਮਨੋਜ ਕੁਮਾਰ ਜਿਨ੍ਹਾਂ ਦੇ ਐਡਰੈਸ ਤੇ ਫੋਨ ਨੰਬਰ ਮੈਂ ਆਪਣੀ ਡੇਲੀ ਡਾਇਰੀ ਵਿਚ ਲਿਖ ਲਏ ਸਨ। ਕਿਸੇ ਬਦਮਾਸ਼ੀ ਕਰਨ ਤੇ ਉਹਨਾਂ ਬਾਰੇ ਪੋਲੀਸ ਨੂੰ ਇਤਲਾਹ ਦਿਤੀ ਜਾ ਸਕਦੀ ਸੀ। ਖੈਰ, ਉਹ ਦੋਵੇਂ ਕੋਠੀ ਵੇਚਣ ਦੇ ਸਬੰਧ ਵਿਚ ਦੋਬਾਰਾ ਨਾ ਆਏ ਪਰ ਮੇਰਾ ਹਰ ਰੋਜ਼ ਇਹੋ ਜਿਹੇ ਹੋਰ ਛਟੇ ਫੂਕੇ ਤੇ ਬਦਮਾਸ਼ ਪਰਾਪਰਟੀ ਡੀਲਰਾਂ ਨਾਲ ਵਾਹ ਪੈਂਦਾ ਰਿਹਾ ਜੋ ਏਜੰਟ ਘਟ ਤੇ ਲੈਂਡ ਮਾਫੀਏ ਨਾਲ ਵਧੇਰੇ ਸਬੰਧਤ ਸਨ।

ਇਕ ਦਿਨ ਦੋਪਿਹਰ ਵੇਲੇ ਚਾਰ ਮੁੰਡੇ ਆ ਗਏ। ਉਹਨਾਂ ਵਿਚੋਂ ਦੋ ਨੇ ਚਿਟੇ ਕੁੜਤੇ ਪਾਜਾਮੇ ਪਾਏ ਹੋਏ ਸਨ ਅਤੇ ਕਾਲੀਆਂ ਐਣਕਾਂ ਲਾਈਆਂ ਹੋਈਆਂ ਸਨ। ਬੋਦੇ ਬੜੇ ਸਟਾਈਲ ਨਾਲ ਵਾਹੇ ਹੋਏ ਸਨ। ਉਹ ਏਜੰਟ ਘਟ ਤੇ ਸਿਆਸੀ ਗੁੰਡੇ ਜ਼ਿਆਦਾ ਲਗਦੇ ਸਨ। ਜਦ ਸੋਫਿਆਂ ਤੇ ਬੈਠ ਗਏ ਤਾਂ ਸੀਮਾ ਨੇ ਉਹਨਾਂ ਨੂੰ ਠੰਡੇ ਪਾਣੀ ਦੇ ਗਲਾਸ ਪਿਆਏ। ਕਹਿਣ ਲਗੇ ਕਿ ਅਸੀਂ ਤੁਹਾਡੀ ਕੋਠੀ ਖਰੀਦਣ ਆਏ ਹਾਂ। ਮੈਂ ਪੁਛਆ ਕਿ ਤੁਹਾਨੂੰ ਕਿਸ ਦਸਿਆ ਹੈ ਕਿ ਕੋਠੀ ਵਿਕ ਰਹੀ ਹੈ। ਇਸ ਸਵਾਲ ਦਾ ਉਹ ਕੋਈ ਜਵਾਬ ਨਾ ਦੇ ਸਕੇ। ਫਿਰ ਮੈਂ ਬੜੇ ਪਿਆਰ ਨਾਲ ਆਖਿਆ ਕਿ ਕਾਕਿਓ ਮੈਂ ਕੈਨੇਡਾ ਤੋਂ ਜ਼ਰੂਰ ਆਇਆ ਹਾਂ ਪਰ ਪੰਜਾਬ ਵਿਚ ਮੈਨੂੰ ਬਹੁਤ ਲੋਕ ਜਾਣਦੇ ਹਨ। ਮੈਂ ਏਥੇ ਅਫਸਰ ਰਿਹਾ ਹਾਂ ਅਤੇ ਸਰਕਾਰੇ ਦਰਬਾਰੇ ਮੇਰੀ ਬਹੁਤ ਜਾਣ ਪਹਿਚਾਣ ਹੈ। ਤੁਸੀਂ ਮੈਨੂੰ ਇਹ ਦਸੋ ਕਿ ਤੁਸਾਂ ਰੀਅਲ ਅਸਟੇਟ ਦਾ ਕੋਈ ਕੋਰਸ ਪਾਸ ਕੀਤਾ ਹੈ। ਮੇਰਾ ਸਵਾਲ ਸੁਣ ਕੇ ਉਹਨਾਂ ਨੇ ਸਿਰ ਫੇਰ ਦਿਤੇ। ਮੇਰਾ ਦੂਜਾ ਸਵਾਲ ਸੀ ਕਿ ਡਰਾਇੰਗ ਰੂਮ ਦੇ ਅੰਦਰ ਅੱਖਾਂ ਨੂੰ ਚੁਭਣ ਵਗਾਲੀ ਕੋਈ ਸ਼ੈਅ ਨਹੀਂ ਹੈ। ਤੁਸੀਂ ਆਪਣੀਆਂ ਕਾਲੀਆਂ ਐਣਕਾਂ ਉਤਾਰ ਕਿਉਂ ਨਹੀਂ ਦਿੰਦੇ ਤਾਂ ਜੋ ਅੱਖ ਵਿਚ ਅੱਖ ਪਾ ਕੇ ਗੱਲ ਹੋ ਸਕੇ। ਉਹਨਾਂ ਨੇ ਐਣਕਾਂ ਲਾਹ ਕੇ ਟੇਬਲ ਤੇ ਰਖ ਦਿਤੀਆਂ। ਫਿਰ ਮੈਂ ਪੁਛਿਆ ਕਿ ਉਹਨਾਂ ਨੇ ਹੁਣ ਤਕ ਕਿੰਨੀਆਂ ਪਰਾਪਰਟੀਆਂ ਵੇਚੀਆਂ ਜਾਂ ਖਰੀਦੀਆਂ ਹਨ। ਇਸ ਦਾ ਵੀ ਉਹ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਅੰਤ ਮੈਂ ਇਹ ਕਹਿ ਕੇ ੱਗਲ ਖਤਮ ਕਰ ਦਿਤੀ ਕਿ ਇਸ ਕੋਠੀ ਦੀ ਕੀਮਤ ਢਾਈ ਕਰੋੜ ਹੈ, ਜੇ ਕੋਈ ਗਾਹਕ ਹੈ ਤਾਂ ਲੈ ਆਓ। ਇਸ ਤੋਂ ਘੱਟ ਸੌਦਾ ਨਹੀਂ ਹੋਣਾ। 2012 ਵਿਚ ਮੈਨੂੰ ਸਾਢੇ ਤਿੰਨ ਕਰੋੜ ਮਿਲਦਾ ਸੀ ਪਰ ਮੈਂ ਕੀਮਤਾਂ ਵਧਣ ਦੇ ਲਾਲਚ ਵਿਚ ਨਾ ਵੇਚੀ। ਹਰ ਗੱਲ ਲਿਖਤ ਪੜ੍ਹਤ ਤੇ ਵਕੀਲ ਰਾਹੀਂ ਹੋਵੇਗੀ। ਬਗੈਰ ਕਿਸੇ ਸਵਾਲ ਦਾ ਜਵਾਬ ਦਿਤਿਆਂ ਉਹ ਉਠ ਕੇ ਚਲੇ ਗਏ ਤੇ ਦੋਬਾਰਾ ਨਹੀਂ ਅਏ। ਉਹਨਾਂ ਦਾ ਸਿਆਸੀ ਹੁਲੀਆ ਤੇ ਆਉਣ ਜਾਣ ਦਾ ਟਾਈਮ ਮੈਂ ਆਪਣੀ ਡਾਇਰੀ ਵਿਚ ਨੋਟ ਕਰ ਲਿਆ। ਇਸ ਤਰ੍ਹਾਂ ਦੇ ਚਰਕਟੇ, ਚਾਲੂ, ਝੂਠੇ, ਬਈਮਾਨ, ਜਾਨੋਂ ਮਾਰਨ ਵਾਲੇ ਖਤਰਨਾਕ ਹਥਿਆਰਬੰਦ  ਪਰਾਪਰਟੀ ਡੀਲਰਜ਼ ਨਾਲ ਮੈਂ ਛੇ ਮਹੀਨੇ ਕਿਵੇਂ ਨਿਬੜਿਆ, ਰਾਤਾਂ ਨੂੰ ਕਰੋੜ ਕਰੋੜ ਰੁਪੈ ਕੈਸ਼ ਲੈ ਕੇ ਕੋਠੀ ਤੇ ਕਬਜ਼ਾ ਕਰਨ ਵਾਲਿਆਂ ਤੋਂ ਕਿਵੇਂ ਬਚਿਆ, ਅਗਲੀਆਂ ਕਿਸ਼ਤਾਂ ਵਿਚ ਪੜ੍ਹਨਾ ਨਾ ਭੁਲਣਾ।