ਕਹਿਣੀ ਤੇ ਕਰਨੀ
(ਮਿੰਨੀ ਕਹਾਣੀ)
ਸੱਥਰ ਤੇ ਬੈਠੇ ਪਿੰਡ ਦੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ, ਕਿ ਵਿੱਚੋਂ ਹੀ ਬੈਠਾ ਜਾਗਰ ਅਮਲੀ ਬੋਲਿਆ ''ਬਈ ਆਹ, ਹਾਰਟ ਅਟੈਕ ਦੀ ਬੜੀ ਚੰਦਰੀ ਬਿਮਾਰੀ ਐ, ਜਿਹੜੀ ਬੰਦੇ ਨੂੰ ਸਕਿੰਟਾਂ ਵਿੱਚ ਈ ਖ਼ਤਮ ਕਰ ਦਿੰਦੀ ਆ''।
ਗੱਲਾਂ ਚੱਲ ਹੀ ਰਹੀਆਂ ਸਨ ਕਿ ਪਿੰਡ ਦੇ ਜੈਲਦਾਰ ਨੇ ਆ ਕੇ ਪੁੱਛਿਆ ਕਿ ''ਮੁੰਡਿਓ ਕੀ ਗੱਲ ਬਣ ਗਈ ਸੀ ਬਾਪੂ ਨੂੰ''? ਬੈਠਿਆਂ ਵਿੱਚੋਂ ਇਕ ਬੋਲਿਆਂ ''ਕੀ ਹੋਣਾ ਸੀ ਬਾਈ, ਕੱਲ੍ਹ ਤਾਂ ਬਾਪੂ ਚੰਗਾ ਭਲਾ ਤੁਰਿਆ ਫਿਰਦਾ ਸੀ, ਬੱਸ ਅੱਜ ਸਵੇਰੇ ਚਾਹ ਪੀ ਕੇ ਬਾਪੂ ਮੰਜੇ ਤੇ ਪੈ ਗਿਆ ਤੇ ਬੱਸ ਮੁੜਕੇ ਉੱਠਿਆ ਈ ਨੀ''। ਡਾਕਟਰ ਨੇ ਕਿਹਾ ਕਿ ਇਹਨਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਆ।
ਜੈਲਦਾਰ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ''ਬਈ ਅੱਜਕੱਲ੍ਹ ਰੇਹਾਂ ਸਪਰੇਆਂ ਈ ਐਨੀਆਂ ਵਧ ਗਈਆਂ ਕਿ ਸਾਡਾ ਖਾਣਾ ਪੀਣਾ ਵੀ ਜਹਿਰੀਲਾ ਹੋ ਗਿਆ ਹੈ, ਜਿਸ ਨਾਲ ਨਵੀਆਂ ਬਿਮਾਰੀਆਂ ਦਿਨੋਂ-ਦਿਨ ਵਧ ਰਹੀਆਂ ਹਨ। ਅੱਜ ਕੱਲ੍ਹ ਹਰ ਕੋਈ ਬੰਦਾ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜ੍ਹਤ ਹੈ, ਜਦੋਂ ਤੱਕ ਅਸੀ ਆਪਣੀ ਖੇਤੀ ਨੂੰ ਰੇਹਾਂ ਸਪਰੇਆਂ ਤੋਂ ਮੁਕਤ ਨਹੀ ਕਰਦੇ ਓਨਾ ਚਿਰ ਅਸੀ ਤੰਦਰੁਸਤੀ ਵਾਲਾ ਜੀਵਨ ਨਹੀ ਜੀਅ ਸਕਦੇ।
ਜੈਲਦਾਰ ਗੱਲਾਂ ਕਰ ਹੀ ਰਿਹਾ ਸੀ ਏਨੇ ਨੂੰ ਉਸਦਾ ਬੇਟਾ ਆ ਕੇ ਕਹਿਣ ਲੱਗਾ ਕਿ ''ਬਾਪੂ ਜੀ ਅੱਜ ਕਾਫ਼ੀ ਦਿਨਾਂ ਦੀ ਬੰਦੀ ਤੋਂ ਬਾਅਦ ਸੂਏ ਵਿੱਚ ਪਾ ਆਇਆ ਹੈ, ਸ਼ਾਮ ਨੂੰ ਆਪਣੀ ਪਾਣੀ ਦੀ ਵਾਰੀ ਵੀ ਹੈ ਤੇ ਯੂਰੀਆ ਦੇ ਕਿੰਨੇ-ਕਿੰਨੇ ਗੱਟੇ ਇਕ ਕਿੱਲੇ ਮਗਰ ਪਾਈਏ, ਤਾਂ ਜੈਲਦਾਰ ਨੇ ਜਲਦੀ ਵਿੱਚ ਕਿਹਾ ਕਿ ''ਪਿਛਲੀ ਵਾਰ ਦੋ-ਦੋ ਗੱਟੇ ਪਾਏ ਸਨ, ਪਰ ਫਸਲ ਦਾ ਝਾੜ ਘੱਟ ਰਿਹਾ ਸੀ ਇਸ ਵਾਰ ਤਿੰਨ-ਤਿੰਨ ਗੱਟੇ ਪਾ ਦਿਓ''। ਏਨੀ ਗੱਲ ਸੁਣਦਿਆਂ ਹੀ ਸੱਥਰ ਤੇ ਬੈਠੇ ਲੋਕ ਜੈਲਦਾਰ ਦੇ ਮੂੰਹ ਵੱਲ ਵੇਖਣ ਲੱਗੇ, ਜੈਲਦਾਰ ਦੇ ਮੂੰਹ ਉੱਤੋਂ ਹਵਾਈਆਂ ਉੱਡ ਗਈਆਂ। ਜੈਲਦਾਰ ਨੇ ਜਲਦੀ ਮੋਟਰਸਾਈਕਲ ਦੀ ਕਿੱਕ ਮਾਰੀ ਅਤੇ ਚਲਦਾ ਬਣਿਆ। ਸੱਥਰ ਤੇ ਬੈਠੇ ਲੋਕਾਂ ਵਿੱਚ ਆਪਸ ਵਿੱਚ ਘੁਸਰ ਮੁਸਰ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਦੂਜਿਆਂ ਨੂੰ ਨਸੀਹਤਾਂ ਦੇਣ ਦੀ ਬਜਾਏ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲੈਣਾ ਚਾਹੀਦਾ ਸੀ।