ਕਿਰਪਾਨ ਤੋਂ ਗਦਾ ਤੱਕ
(ਕਵਿਤਾ)
ਭੱਜੇ ਜਾਂਦੇ, ਭੋਇਂ ਡਿੱਗੇ ਬੰਦੇ ਤੇ ਨਾ ਵਾਰ ਸ਼ੋਭੇ,
ਗੁਰੂ ਨੇ ਸਿਖਾਏ ਸੀ ਅਸੂਲ ਹਥਿਆਰਾਂ ਦੇ ।
ਕਿਸੇ ਉੱਤੇ ਹਮਲਾ ਨਾ ਸਿੰਘਾਂ ਕਦੇ ਪਹਿਲਾਂ ਕੀਤਾ,
ਦੰਦ ਖੱਟੇ ਕੀਤੇ ਚੜ੍ਹ ਆਏ ਹੰਕਾਰਾਂ ਦੇ ।
ਹੱਕ, ਸੱਚ, ਇਨਸਾਫ ਲਈ ਸੀ ਜਦੋਂ ਵੀ ਉੱਠੀ,
‘ਕੱਲੀ ‘ਕੱਲੀ ਕਿਰਪਾਨ ਭਾਰੂ ਸੀ ਹਜਾਰਾਂ ਤੇ ।
ਬਣਦੀ ਸੀ ਢਾਲ ਸਦਾ , ਭੁੱਲਕੇ ਨਾ ਵਾਰ ਕੀਤਾ,
ਸ਼ਰਨੀ ਪਿਆਂ ਤੇ ਅਤੇ ਬੱਚੇ, ਬੁੱਢੇ, ਨਾਰਾਂ ਤੇ ।
ਜਿਨਾ ਚਿਰ ਸਿੱਖਾ ਤੇਰੀ ਰਹਿਤ ਵਿੱਚ ਬਿਪਰ ਹੈ,
ਚਾਲਾਂ ਚੱਲੀ ਜਾਣੀਆਂ ਨੇ ਏਸਨੇ ਸਦਾ ਤੱਕ ।
‘ਕਿਰਪਾ ਤੇ ਆਨ’ ਦੇ ਸੰਕਲਪ ਨੂੰ ਵਿਗਾੜਨੇ ਲਈ,
ਕੌਮ ਨੂੰ ਪੁਚਾਇਆ ‘ਕਿਰਪਾਨ ਤੋਂ ਗਦਾ’ ਤੱਕ ।।