ਦੱਸ ਨੀਂ ਜਿੰਦੜੀਏ,ਮੇਰੀਏ ਕਿਸ ਦਾ ਨਾਮ ਧਿਆਵੇ ।
ਤੈਨੂੰ ਛੱਡ ਜੋ ਰਾਹੀ ਹੋ ਗਿਆ ਉਸ ਦੀ ਘੋੜੀ ਗਾਵੇ ।।
ਜਿਹੜਾ ਰਾਤੀਂ ਸੌਣ ਨਾ ਦਿੰਦਾ,ਘੱਲਦਾ ਪੀੜ ਅਵੱਲੀ ,
ਉਸੇ ਦਾ ਤੂੰ ਚਰਖ਼ਾ ਕੱਤਦੀ , ਤੰਦ ਯਾਦਾਂ ਦੀ ਪਾਵੇ ।।
ਜਿਸ ਨਾ ਮੁੜ ਕੇ ਫੇਰਾ ਪਾਣਾ,ਮਾਰੀ ਦੂਰ ਉਡਾਰੀ ,
ਫੇਰ ਉਸ ਦੀਆਂ ਰਾਹਾਂ ਵੇਖੇ ਆਸ ਆਣ ਦੀ ਲਾਵੇ ।।
ਜਦ ਵੀ ਉਸ ਦਾ ਚੇਤਾ ਆਵੇ ਡੋਲ ਜਾਨ ਨੂੰ ਪੈਂਦਾ ,
ਯਾਦ ਉਸ ਦੀ ਅੱਖ ਮੇਰੀ ਨੂੰ ਸਾਰੀ ਰਾਤ ਜਗਾਵੇ ।।
ਜਿਸ ਤੱਤੜੇ ਨੇ ਜਿੰਦ ਮੇਰੀ ਦੇ ਹਾਸੇ ਬਿਰਹੋਂ ਕੀਤੇ ,
ਉਸ ਵੈਰੀ ਨੂੰ ਕਿਉਂ ਭੈੜੀਏ ਮੁੜ-ਮੁੜ ਜਾ ਮਨਾਵੇ ।।
ਸੁਰਿੰਦਰ ਜਿਸ ਨੇ ਜਾ ਕੇ ਕੀਤੇ ਦੂਰ ਕਿਤੇ ਟਿਕਾਣੇ ,
ਉਸੇ ਦੀਆਂ ਤੂੰ ਖੈਰਾਂ ਮੰਗੇ,ਆਸ ਦਾ ਦੀਪ ਜਗਾਵੇ ।।