ਆਤਮ ਵਿਸ਼ਵਾਸ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਨੁੱਖ ਅੰਦਰ ਅਨੇਕਾਂ ਸ਼ਕਤੀਆਂ ਦੇ ਭੰਡਾਰ ਹਨ। ਆਤਮ ਵਿਸ਼ਵਾਸ ਅਜਿਹੀ ਮਹਾਂ ਸ਼ਕਤੀ ਹੈ ਜੋ ਮੰਜਿਲ ਦੇ ਰਾਹ ਦੀਆਂ ਔਕੜਾਂ ਨਸ਼ਟ ਕਰਕੇ ਸਫਲਤਾ ਦਾ ਰਾਹ ਦਿਖਾਉਂਦੀ ਹੈ। ਆਤਮ ਵਿਸ਼ਵਾਸ ਸਫਲਤਾ ਦੇ ਉਸ ਕਿਲੇ ਦਾ ਮਜ਼ਬੂਤ ਨੀਂਹ ਪੱਥਰ ਹੈ ਜੋ ਅਡਿਗ ਹੈ। ਇਬਰਾਹਿਮ ਲਿੰਕਨਦਾ ਜਨਮ ਗਰੀਬੀ ਵਿਚ ਹੋਇਆ ਉਹ ਬੜੇ ਮਿਹਨਤੀ ਤੇ ਆਤਮ ਵਿਸ਼ਵਾਸੀ ਸਨ,ਦਿਨ ਰਾਤ ਮਿਹਨਤ ਕਰਦੇ ਇਥੋਂ ਤਕ ਕੇ ਕਿਸੇ ਤੋਂ ਆਪਣੀ ਪੜਾਈ ਲਈ ਲਿਆਂਦੀ ਕਿਤਾਬ ਮੀਂਹ ਦੇ ਪਾਣੀ ਨਾਲ ਭਿਜ ਗਈ ਉਹਨਾਂ ਨੇ ਲੋਕਾਂ ਦੇ ਖੇਤਾਂ ਵਿਚ ਖੂਬ ਕੰਮ ਕੀਤਾ ਆਪਣੀ ਦਿ੍ੜਤਾ ਅਤੇ ਆਤਮ ਵਿਸਵਾਸ ਸਦਕਾ ਅੰਤ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਣੇ। ਗੱਲ ਉਦਮ ਅਤੇ ਅਟੁਟ ਵਿਸ਼ਵਾਸ ਤੇ ਆ ਕੇ ਮੁਕਦੀ ਹੈ। ਸਾਡੇ ਅੰਦਰ ਸੁੱਤੀਆਂ ਹੋਈਆਂ ਆਤਮਿਕ ਸ਼ਕਤੀਆਂ ਜਾਗਿ੍ਤ ਹੋ ਕੇ ਜੀਵਨ ਪੱਧਰ ਉੱਚਾ ਬਣਾਉਦੀਆਂ ਹਨ। ਘੋਰ ਸੰਕਟ ਮੁਸੀਬਤਾਂ ਵਿਚ ਜਿਸਨੇ ਆਪਣੀ ਅੰਦਰੂਨੀ ਸ਼ਕਤੀ ਨੂੰ ਜਗਾ ਲਿਆ ਆਪਣੇ ਆਪ ਨੂੰ ਲੱਭ ਲਿਆ ਉਸਨੇ ਮੁਸੀਬਤਾਂ ਤੇ ਜਿੱਤ ਪਾ੍ਪਤ ਕਰ ਲਈ। ਇਹ ਸਭ ਸਰੀਰਕ ਢਾਂਚੇ ਦੀ ਤਾਕਤ ਨਾਲ ਨਹੀਂ ਬਲਕਿ ਆਤਮ ਵਿਸ਼ਵਾਸ ਦੁਆਰਾ ਆਤਮ ਬਲ ਦੀ ਸ਼ਕਤੀ ਨਾਲ ਸੰਭਵ ਹੁੰਦਾ ਹੈ। ਆਤਮ ਵਿਸ਼ਵਾਸ ਹੀ ਆਤਮ ਬਲ ਨੂੰ ਪਰਗਟ ਕਰਦਾ ਹੈ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮਨੋਂ ਵਿਚਾਰ ਨਾਲ ਸੋਚਿਆ ਜਾਂਦਾ ਹੈ। ਕਾਰਜ ਦੇ ਉਦੇਸ਼ ਦੀ ਪਾ੍ਪਤੀ ਲਈ ਦਿ੍ੜ ਇਰਾਦਾ ਕਰਕੇ ਸੰਘਰਸ਼ ਨਾਲ ਜੂਝਦਾ ਹੋਇਆ ਵਿਅਕਤੀ ਆਪਣੀ ਮੰਜਿਲ ਵੱਲ ਵਧੇ ਆਸ਼ਾਵਾਦੀ ਅਖਵਾਉਂਦਾ ਹੈ। ਸਾਨੂੰ ਉਸਦੇ ਆਤਮ ਵਿਸ਼ਵਾਸ ਦੀ ਤਾਰੀਫ ਕਰਨੀ ਚਾਹੀਦੀ ਹੈ। ਪ੍ਸੰਸਾ ਵਿਅਕਤੀ ਵਿਚ ਊਰਜਾ ਦਾ ਕੰਮ ਕਰਦੀ ਹੈ। ਜਿਸ ਵਿਅਕਤੀ ਦੇ ਰਾਹ ਵੀ ਸਾਫ ਹੋਣ ਉਸ ਉਪਰ ਚੱਲਣ ਦਾ ਹੀਆ ਨਾ ਕਰੇ ਆਪਣੇ ਆਪ ਨੂੰ ਯੋਗ ਨਾ ਸਮਝ ਕੇ ਦੁਰਬਲ ਵਿਚਾਰਾਂ ਦੁਆਰਾ ਸ਼ੋਕ ਪਰਗਟ ਕਰੇ ਕਿ ਮੈਂ ਅੱਗੇ ਵਧਾਂ ਜਾਂ ਨਾ ਵਧਾਂ ਭੈਭੀਤ ਹੋ ਕਿ ਦੁਵਿਧਾ ਵਿਚ ਭਟਕਦਾ ਰਹਿੰਦਾ ਹੈ,ਹੱਥ ਵਿਚ ਅਵਸਰ ਹੁੰਦਿਆਂ ਵੀ ਗਵਾ ਬਹਿੰਦਾ ਹੈ। ਉਸ ਵਿਅਕਤੀ ਦੇ ਹੱਥ ਨਿਰਾਸ਼ਾ ਹੀ ਲਗਦੀ ਹੈ। ਆਤਮ ਵਿਸ਼ਵਾਸ ਨਾਲ ਸਫਲਤਾ ਦੀ ਪੌੜੀ ਚੜਨ ਲੱਗਿਆ ਆਪਣੀ ਕਾਰਜ ਕੁਸ਼ਲਤਾ ਅਤੇ ਯੋਗਤਾ ਨਾਲ ਅੱਗੇ ਵਧ ਕੇਉਨਤੀ ਦੀ ਸਿਖਰ ਤੇ ਪਹੁੰਚਣਾ ਲਗਭਗ ਸੰਭਵ ਹੁੰਦਾ ਹੈ। ਸਭ ਤੋਂ ਪਹਿਲਾਂ ਕਿਸੇ ਕਾਰਜ ਜਾਂ ਵਸਤੂ ਨੂੰ ਮਨ ਚਿਤਰਦਾ ਹੈ,ਚਿਤਰਦਾ ਉਹੀ ਹੈ ਜਿਸ ਦਾ ਹੋਣਾ ਸੰਭਵ ਹੁੰਦਾ ਹੈ । ਆਸਮਾਨੋਂ ਤਾਰੇ ਤੋੜਨ ਹਥੇਲੀ ਤੇ ਪਹਾੜ ਨੂੰ ਚੁਕਣ ਦਾ ਚਿਤਰ ਕਦੇ ਨਹੀਂ ਚਿਤਰਦਾ,ਪਰੰਤੂ ਪਹਾੜ ਦੀ ਸਿਖਰ ਤੇ ਪਹੁੰਚਣ ਦਾ ਚਿਤਰ ਚਿਤਵ ਕੇ ਆਤਮ ਵਿਸ਼ਵਾਸ ਨਾਲ ਵਿਅਕਤੀ ਮੰਜਿਲ ਤੇ ਪਹੁੰਚ ਜਾਂਦਾ ਹੈ। ਸਰੀਰਕ ਬਲ ਨਾਲੋਂ ਜਿਆਦਾ ਆਤਮ ਬਲ ਦਾ ਹੋਣਾ ਜਰੂਰੀ ਹੈ। ਪੰਛੀ ਖੰਭਾਂ ਦੇ ਜਰੀਏ ਲਬਰੇਜ਼ ਹੌਂਸਲੇ ਅਤੇ ਆਤਮ ਵਿਸ਼ਵਾਸ ਨਾਲ ਉਡਾਰੀਆਂ ਮਾਰਦੇ ਹਨ।
                     ਸਾਬਕਾ ਕੇਂਦਰੀ ਮੰਤਰੀ ਸਵ.ਰਾਜੇਸ਼ ਪਾਇਲਟ ਜੀ ਦਾ ਬਚਪਨ ਗੁਰਬਤ ਭਰੀ ਜਿੰਦਗੀ ਵਿਚ ਗੁਜਰਿਆ। ਆਪ ਬੜੇ ਆਤਮ ਵਿਸ਼ਵਾਸੀ ਤੇ ਦਿ੍ੜ ਇਰਾਦੇ ਵਾਲੇ ਇਨਸਾਨ ਸਨ। ਬੜੇ ਆਤਮ ਵਿਸ਼ਵਾਸ ਨਾਲ ਪੜਦੇ ਅਤੇ ਪੜਾਈ ਵਿਚ ਅੱਵਲ ਰਹਿੰਦੇ। ਜਦੋਂ ਉਹ ਅਸਮਾਨ ਵਿਚ ਹਵਾਈ ਜਹਾਜ ਉਡਦੇ ਦੇਖਦੇ ਤਾਂ ਉਹਨਾਂ ਦੀ ਇੱਛਾ ਵੀ ਪਾਇਲਟ ਬਣ ਕਿ ਅਸਮਾਨ ਵਿਚ ਉਡਾਰੀਆਂ ਮਾਰਨ ਦੀ ਸੀ।ਆਪਣੀ ਮਿਹਨਤ ਤੇ ਆਤਮ ਵਿਸ਼ਵਾਸ ਦੇ ਬਲਬੂਤੇ ਪਾਇਲਟ ਦੀ ਡਿਗਰੀ ਪਾਸ ਕਰਕੇ ਪਾਇਲਟ ਬਣ ਗਏ। ਸ਼ੁਰੂ ਤੋਂ ਹੀ ਉਹਨਾਂ ਦੇ ਮਨ ਵਿਚ ਚਿਤਰ ਪਾਇਲਟ ਬਣਨ ਦੀ ਸੀ ਜੋ ਉਨਾਂ ਨੇ ਸਾਕਾਰ ਕੀਤਾ। ਮਨੋਂ ਵਿਚਾਰ ਤੋਂ ਬਾਦ ਹੀ ਯਤਨ ਆਰੰਭ ਹੁੰਦਾ ਹੈ। ਜਿਸ ਦੀ ਅਸੀਂ ਇੱਛਾ ਰੱਖਦੇ ਹਾਂ ਉਹ ਸਾਡੀ ਮਿਹਨਤ ਦੇ ਗਰਭ ਵਿਚ ਛੁਪੀ ਹੁੰਦੀ ਹੈ,ਜਿਸਨੂੰ ਅਸੀਂ ਲਗਨ ਅਤੇ ਆਤਮ ਵਿਸ਼ਵਾਸ ਦੁਆਰਾ ਹੀ ਪਾ੍ਪਤ ਕਰ ਸਕਦੇ ਹਾਂ। ਜੇਕਰ ਅਸੀਂ ਆਪਣੀ ਯੋਗਤਾ ਅਤੇ ਸ਼ਖਸ਼ੀਅਤ ਦਾ ਪ੍ਭਾਵ ਲੋਕਾਂ ਤੇ ਪਾਉਣਾ ਚਾਹੁੰਦੇ ਹਾਂ ਤਾਂ ਯੋਗਤਾ ਤੇ ਸ਼ਖਸ਼ੀਅਤ ਦੇ ਗੁਣ ਪਹਿਲਾਂ ਆਪਣੇ ਅੰਦਰ ਪੈਦਾ ਕਰਕੇ ਆਪਣੀ ਯੋਗਤਾ ਤੇ ਸ਼ਖਸ਼ੀਅਤ ਦਾ ਪ੍ਭਾਵ ਦੂਸਰੇ ਤੇ ਜਮਾ ਸਕਦੇ ਹਾਂ। ਇਹ ਕੰਮ ਸਿਰਫ ਵਿਅਕਤੀ ਦਾ ਆਪਣਾ ਹੀ ਹੁੰਦਾ ਹੈ ਜੋ ਵਿਅਕਤੀ ਆਪਣੀ ਯੋਗਤਾ ਨਹੀਂ ਵਰਤਦਾ ਉਸਦੀ ਯੋਗਤਾ ਵੀ ਅਯੋਗਤਾ ਵਿਚ ਬਦਲ ਜਾਂਦੀ ਹੈ। ਆਪਣੀ ਯੋਗਤਾ ਨੂੰ ਸਵੀਕਾਰ ਨਾ ਕਰਨਾ ਦੂਸਰਿਆਂ ਦੇ ਮਨ ਵਿਚ ਆਪਣੇ ਪ੍ਤੀ ਸੰਦੇਹ ਪੈਦਾ ਕਰਨਾ ਹੈ। ਜਿਸਨੂੰ ਆਪਣੇ ਉਪਰ ਵਿਸ਼ਵਾਸ ਨਹੀਂ ਉਹ ਦੂਜਿਆਂ ਉਪਰ ਵਿਸ਼ਵਾਸ ਨਹੀਂ ਕਰ ਸਕਦਾ। ਨਿਰਸੰਦੇਹ ਉਸ ਦੇ ਪੱਲੇ ਨਿਰਾਸ਼ਾ ਹੀ ਹੁੰਦੀ ਹੈ। ਨਿਰਾਸ਼ਾ ਵਿਚੋਂ ਅਸਫਲਤਾ ਉਪਜਦੀ ਹੈ।
                 ਸਵ.ਇੰਦਰਾ ਗਾਂਧੀ ਜੀ ਨੇ ਸਵ.ਰਾਜੇਸ਼ ਪਾਇਲਟ ਜੀ ਦੀ ਯੋਗਤਾ ਤੋਂ ਪ੍ਭਾਵਿਤ ਹੋ ਕੇ ਉਹਨਾਂ ਨੂੰ ਲੋਕ ਸਭਾ ਸੀਟ ਲੜਨ ਲਈ ਕਿਹਾ,ਰਾਜੇਸ਼ ਜੀ ਨੇ ਲੋਕ ਸਭਾ ਸੀਟ ਦੇ ਪਰਚਾਰ ਲਈ ਆਪਣੀ ਪਤਨੀ ਦੇ ਗਹਿਣੇ ਤੱਕ ਵੇਚ ਦਿੱਤੇ। ਆਪਣੇ ਦਿ੍ੜ ਇਰਾਦੇ ਤੇ ਬੁਲੰਦ ਹੌਂਸਲੇ ਸਦਕਾ ਆਰਥਿਕ ਪ੍ਸਥਿਤੀਆਂ ਦਾ ਟਾਕਰਾ ਕਰਦੇ ਹੋਏ ਲੋਕ ਸਭਾ ਸੀਟ ਜਿਤਣ ਵਿਚ ਸਫਲ ਹੋ ਗਏ। ਜਿਹੜੇ ਵਿਅਕਤੀਆਂ ਨੂੰ ਆਪਣੀ ਯੋਗਤਾ ਤੇ ਭਰੋਸਾ ਹੁੰਦਾ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਉਹ ਕੰਡਿਆਂ ਭਰੇ ਰਾਹਾਂ ਨੂੰ ਫੁੱਲਾਂ ਦੀ ਸੇਜ ਸਮਝ ਕੇ ਉਸ ਉਪਰ ਚਲਦੇ ਹਨ। ਆਪਣੇ ਆਤਮ ਵਿਸ਼ਵਾਸ ਨਾਲ ਘਾਹ ਦੇ ਵਿਚੋਂ ਸੂਈ ਲੱਭਣ ਵਿਚ ਕਾਮਯਾਬ ਹੋ ਜਾਂਦੇ ਹਨ । ਆਤਮ ਵਿਸ਼ਵਾਸ ਨਾਲ ਜਿਹੜੇ ਕੰਮ ਹੱਥ ਪਾਉਂਦੇ ਹਨ ਅਵੱਸ਼ ਹੀ ਕਰ ਲੈਂਦੇ ਹਨ। ਅਜਿਹੇ ਵਿਅਕਤੀ ਦਿ੍ੜ ਇਰਾਦੇ ਅਤੇ ਧੁਨ ਦੇ ਪੱਕੇ ਹੁੰਦੇ ਹਨ। ਭਾਵੇਂ ਲੋਕ ਉਨਾਂ ਨੂੰ ਮੂਰਖ ਹੀ ਸਮਝਣ ਉਹਨਾਂ ਦਾ ਕੰਮ ਸਿਰਫ ਆਪਣੇ ਯਤਨਾਂ ਦੁਆਰਾ ਸਫਲਤਾ ਵੱਲ ਵੇਖਣਾ ਹੁੰਦਾ ਹੈ। ਅਜਿਹੇ ਅਟੁਟ ਵਿਸ਼ਵਾਸ ਵਾਲੇ ਵਿਅਕਤੀ ਸੰਸਾਰ ਵਿਚ ਸਫਲ ਹੋ ਕਿ ਨਾਮ ਪ੍ਸਿੱਧ ਕਰ ਜਾਂਦੇ ਹਨ। ਜੇਕਰ ਅਸੀਂ ਮਹਾਨ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਆਤਮ ਵਿਸ਼ਵਾਸ ਨਾਲ ਸ਼ਕਤੀਆਂ ਨੂੰ ਜਗਾਉਣ ਦੀ ਲੋੜ ਹੈ। ਆਪਣੀ ਮਨੋ ਬਿਰਤੀ ਨੂੰ ਇਕਸਾਰ ਕਰਕੇ ਮਹਾਨ ਕੰਮਾਂ ਵਿਚ ਇਕਸੁਰ ਹੋਣਾ ਲਾਜਮੀ ਹੈ। ਫਿਰ ਆਪਣੀ ਇੱਛਾ ਅਨੁਸਾਰ ਕਾਰਜ ਵਿਚੋਂ ਸਫਲਤਾ ਦਾ ਸਾਰਥਿਕ ਨਤੀਜਾ ਪਾ੍ਪਤ ਕਰ ਸਕਦੇ ਹਾਂ। ਵਿਸ਼ੇਸ਼ ਬਣਨ ਲਈ ਕੰਮ ਵੀ ਵਿਸ਼ੇਸ਼ ਕਰੋ। ਢਮਾਰੂ ਅਤੇ ਆਮ ਲੋਕਾਂ ਤੋਂ ਆਪਣੇ ਆਪ ਨੂੰ ਵਖਰੇਵਾਂ ਰੱਖਣ ਦਾ ਯਤਨ ਕਰੋ। ਆਲਸ ਤੇ ਹੀਣ ਭਾਵਨਾ ਨੂੰ ਤਿਆਗ ਕਿ ਉਲਾਸ ਅਤੇ ਸਦਭਾਵਨਾ ਉਤਪਨ ਕਰਨੀ ਚਾਹੀਦੀ ਹੈ। ਆਲਸ ਸਾਡੇ ਜੀਵਨ ਦਾ ਦੁਸ਼ਮਣ ਹੈ। ਖੁਦ ਆਪਣੀ ਕੀਮਤ ਬੇਸ਼ਕੀਮਤੀ ਰਤਨਾਂ ਨਾਲ ਆਂਕਣੀ ਹੋਵੇਗੀ। ਜਿਸ ਤਰਾਂ ਦੀ ਸਾਡੀ ਭਾਵਨਾ ਹੋਵੇਗੀ ਵੈਸੀ ਹੀ ਲਲਕ ਸਾਡੇ ਚਿਹਰੇ ਤੇ ਦਿਖਾਈ ਦਵੇਗੀ। ਇਹ ਗੱਲ ਧਿਆਨ ਦੇਣ ਯੋਗ ਹੋਵੇਗੀ ਜੋ ਮੁਲ ਅਸੀਂ ਆਂਕ ਰੱਖਿਆ ਹੈ ਇਸ ਤੋਂ ਜਿਆਦਾ ਸਾਨੂੰ ਆਪਣੇ ਆਤਮ ਵਿਸ਼ਵਾਸ ਤੋਂ ਸਿਵਾ ਹੋਰ ਕਿਤੇ ਨਹੀਂ ਮਿਲ ਸਕਦਾ। ਆਤਮ ਵਿਸ਼ਵਾਸ ਹੀ ਸਫਲਤਾ ਦੀ ਪੂੰਜੀ ਹੈ। ਹਰੇਕ ਵਿਅਕਤੀ ਆਪਣੀ ਯੋਗਤਾ ਦਾ ਅੰਦਾਜਾ ਖੁਦ ਹੀ ਕਰ ਸਕਦਾ ਹੈ, ਕਿਸੇ ਦੂਜੇ ਦੀ ਯੋਗਤਾ ਦਾ ਅੰਦਾਜਾ ਲਾਉਣਾ ਅਸੰਭਵ ਹੈ। ਅਜਿਹੇ ਵਿਅਕਤੀ ਤੋਂ ਸਦਾ ਦੂਰ ਰਹੋ ਜੋ ਆਤਮ ਵਿਸ਼ਵਾਸ ਨੂੰ ਢਾਹ ਲਾਵੇ,ਕਦੇ ਕਦੇ ਅਜਿਹੇ ਦੁਰਬਲ ਵਿਅਕਤੀ ਨਾਲ ਭੇਂਟ ਹੋ ਜਾਂਦੀ ਹੈ ਜੋ ਸਾਡੇ ਆਤਮ ਵਿਸ਼ਵਾਸ ਨੂੰ ਖੰਡਿਤ ਕਰਨ ਦੇ ਉਦੇਸ਼ ਨਾਲ ਕਹਿ ਦਿੰਦੇ ਹਨ ਕਿ ਤੁਸੀਂ ਇਸ ਕੰਮ ਦੇ ਲਾਇਕ ਨਹੀਂ। ਤੁਹਾਡੇ ਕੋਲ ਐਡੇ ਵੱਡੇ ਕੰਮ ਦੀ ਯੋਗਤਾ ਨਹੀਂ,ਤੁਸੀਂ ਇਹਨਾਂ ਬਰੀਕੀਆਂ ਤੋਂ ਅਣਜਾਣ ਹੋ। ਇਸ ਪ੍ਕਾਰ ਦੇ ਨਕਾਰਾਤਮਕ ਸ਼ਬਦ ਕਹਿ ਕੇ ਹੌਂਸਲੇ ਨੂੰ ਅਪਮਾਨਿਤ ਕਰ ਦਿਤਾ ਜਾਂਦਾ ਹੈ। ਕਿਉਂਕਿ ਤੁਹਾਡੀ ਯੋਗਤਾ ਦਾ ਅੰਦਾਜਾ ਦੂਜਿਆਂ ਨੂੰ ਨਹੀਂ ਹੁੰਦਾ। ਕਿਸੇ ਵੀ ਕਾਰਜ ਨੂੰ ਪੂਰਾ ਕਰਨ ਦਾ ਦਿ੍ੜ ਇਰਾਦਾ ਮਨ ਵਿਚੋਂ ਅੰਤਿਮ ਰੂਪ ਨਾਲ ਸਿਧ ਕਰਦਾ ਹੈ ਕਿ ਆਤਮ ਵਿਸ਼ਵਾਸ ਅਤਿ ਜਰੂਰੀ ਹੈ। ਆਤਮ ਵਿਸ਼ਵਾਸ ਦੁਆਰਾ ਹੀ ਆਪਣੀ ਮੰਜਿਲ ਦੀ ਸਿਖਰ ਨੂੰ ਛੂਹ ਸਕਦੇ ਹਾਂ।