ਭਾਈ ਕਾਹਨ ਸਿੰਘ ਨਾਭਾ ਦੀ ਯਾਦ 'ਚ ਸਾਹਿਤਕ ਸਮਾਗਮ
(ਖ਼ਬਰਸਾਰ)
ਪਟਿਆਲਾ -- ਮਾਨਵਤਾ ਪੱਖੀ ਮੰਚ,ਪੰਜਾਬ ਵਲੋਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਦੀ ੭੫ ਵੀ ਬਰਸੀ ਮੌਕੇ ਉਨਾਂ੍ਹ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਪ੍ਰੀਤ ਨਗਰ ਪਟਿਆਲਾ ਦੇ ਗੁੱਡ ਐਕਸ਼ਨ ਆਰਟ ਸੈਂਟਰ ਵਿਚ ਕਰਵਾਇਆ ਗਿਆ।
ਸਮਾਗਮ ਵਿਚ ਮਹੰਤ ਚਮਕੌਰ ਸਿੰਘ ਸੇਵਾ ਪੰਥੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਉਨਾਂ੍ਹ ਕਿਹਾ ਕਿ ਸਿੰਘ ਸਭਾ ਲਹਿਰ ਦੇ ਸਾਰੇ ਵਿਦਵਾਨਾਂ ਵਿਚੋਂ ਭਾਈ ਕਾਹਨ ਸਿੰਘ ਨਾਭਾ ਪ੍ਰਮੁੱਖ ਹਨ।ਮਾਂ ਬੋਲੀ ਪੰਜਾਬੀ ਦੇ ਸਨਮਾਨ ਲਈ ਉਹ ਪੂਰੀ ਉਮਰ ਯਤਨਸ਼ੀਲ ਰਹੇ।
ਇਸ ਮੌਕੇ ਦਿੱਲ਼ੀ ਤੋਂ ਪਹੁੰਚੇ ਉਘੇ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਨੇ ਦੱਸਿਆ ਕਿ ਭਾਈ ਸਾਹਿਬ ਸਿਰਫ ਸਿੱਖ ਧਰਮ ਦੇ ਵਿਆਖਿਆਕਾਰ ਹੀ ਨਹੀਂ ,ਸਗੋਂ ਉਨ੍ਹਾਂ ਦੂਅਰਾ ਰਚਿਤ 'ਗੁਰਸ਼ਬਦ ਰਤਨਾਕਰ ਮਹਾਨ ਕੋਸ਼' ਪੰਜਾਬ ਅਤੇ ਭਾਰਤੀ ਸੱਭਿਆਚਾਰ ਦਾ ਅਦੁੱਤੀ ਵਿਸ਼ਵਕੋਸ਼ ਹੈ।ਭਾਈ ਸਹਿਬ ਦਾ ਸਮੁੱਚਾ ਦ੍ਰਿਸ਼ਟੀਕੋਣ ਆਧੁਨਿਕ,ਤਰਕਸ਼ੀਲ ਤੇ ਵਿਗਿਆਨਕ ਹੈ।

ਜੇ ਐਸ ਜੱਗੀ,ਕੋਮਲ ਗੱਜਣ,ਮਹੰਤ ਚਮਕੌਰ ਸਿੰਘ,ਇਕਬਾਲ ਗੱਜਣ,ਡਾ.ਜਗਮੇਲ ਸਿੰਘ ਭਾਠੂਆਂ।
ਉਘੱੇ ਫਿਲਮ ਸਟਾਰ ਅਤੇ ਮਾਨਵਤਾ ਪੱਖੀ ਮੰਚ ਦੇ ਕਨਵੀਨਰ ਇਕਬਾਲ ਗੱਜਣ ਨੇ ਬੋਲਦਿਆਂ ਕਿਹਾ ਕਿ ਭਾਈ ਕਾਹਨ ਸਿੰਘ ਮਾਨਵਵਾਦੀ ਲੇਖਕ ਸਨ,ਜਿਨ੍ਹਾਂ ਨੇ ਜਾਤ,ਜਮਾਤ ਤੇ ਮਜ਼੍ਹਬਪ੍ਰਸਤੀ ਦੀਆਂ ਸੌੜੀਆਂ ਸੋਚਾਂ ਤੋਂ ਉਪਰ ਉਠਕੇ,ਮਾਨਵਤਾ ਦੀ ਪਵਿੱਤਰ ਸੋਚ ਆਖਰੀ ਸਵਾਸਾਂ ਨਾਲ ਨਿਭਾਈ।
ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨੇ ਫਿਲਮ ਸਟਾਰ ਇਕਬਾਲ ਗੱਜਣ ਦੇ ਇਸ ਉਦੱਮ ਅਤੇ ਗੱਜਣ ਦੀਆਂ ਸਭਿਆਚਾਰਕ ਸੇਵਾਵਾਂ ਦੀ ਭਰਪੂਰ ਸਲਾਂਘਾ ਕੀਤੀ।ਟੀ ਵੀ ਤੇ ਥੀਏਟਰ ਕਲਾਕਾਰ ਸ਼੍ਰੀਮਤੀ ਕੋਮਲ ਗੱਜਣ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੀਹਵੀਂ ਸਦੀ ਦੇ ਇਸ ਮਹਾਨ ਪੰਜਾਬੀ ਵਿਦਵਾਨ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ।ਮੰਚ ਸੰਚਾਲਣ ਸ੍ਰ ਜੇ.ਐਸ.ਜੱਗੀ ਨੇ ਬਾਖੁਬੀ ਕੀਤਾ ।
ਇਸ ਮੌਕੇ ਭਾਈ ਕਾਹਨ ਸਿੰਘ ਨਾਭਾ ਦੇ ਵਿਚਾਰਾਂ ਉਪਰ ਆਧਾਰਿਤ ਇਕ ਡਾਕੂਮੈਂਟਰੀ ਫਿਲਮ "ਵਿਦਿਆ ਵਿਚਾਰੀ ਤਾਂ ਪਰਉਪਕਾਰੀ" ਵਿਖਾਈ ਗਈ ਅਤੇ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰਮੰਚ ,ਨਾਭਾ ਵਲੋਂ ਪ੍ਰਕਾਸ਼ਿਤ 'ਭਾਈ ਕਾਹਨ ਸਿੰਘ ਨਾਭਾ' ਲਘੂ-ਪੁਸਤਿਕਾ ਵਿਤਰਤ ਕੀਤੀ ਗਈ ।ਇਸ ਮੌਕੇ ਉੱਘੱੇ ਸਮਾਜ ਸੇਵੀ ਦਰਸ਼ਨ ਸਿੰਘ ਦੀਪਕ,ਮਨੋਹਰਪਾਲ ਸਿੰਘ,ਰੁਪਿੰਦਰ ਸਿੰਘ,ਗੁਰਧਿਆਨ ਸਿੰਘ ਅਤੇ ਪੰਜਾਬੀ ਭਾਸ਼ਾ,ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ ।