ਕੌਣ ਦਰਾਂ ਤੇ ਦਸਤਕ ਦੇ ਕੇ ਲੰਘ ਗਿਐ।
ਸਰਘੀ ਦਾ ਸਿਰਨਾਵਾਂ ਬੂਹੇ ਟੰਗ ਗਿਐ।
ਸੁਪਨਾ ਸੀ ਜਾਂ ਰਾਤਾਂ ਦਾ ਕੋਈ ਚੰਨ ਤਾਰਾ।
ਖੁਸ਼ੀਆਂ ਵੰਡਦਾ ਫਿਰਦੈ ਬਣ ਜੋ ਹਰਕਾਰਾ।
ਬੇਰੰਗੀਆਂ ਤਸਵੀਰਾਂ ਭਰ ਕੇ ਰੰਗ ਗਿਐ।
ਕੋਣ ਦਰਾਂ ਤੇ……………………।
ਮੁਰਝਾਏ ਹੋਏ ਚਾਅ ਵੀ ਮੁੜ ਕੇ ਮੌਲੇ ਨੇ।
ਭਰਨ ਉਡਾਰੀ ਲੱਗਣ ਹਵਾ ਤੋਂ ਹੋਲੇ ਨੇ।
ਅੰਬਰ ਨੇ ਅੱਖ ਖੋਲੀ ਤੱਕ ਰਹਿ ਦੰਗ ਗਿਐ।
ਕੋਣ ਦਰਾਂ ਤੇ……………………।
ਕਿੱਧਰੇ ਕਲੀਆਂ ਬਣ-ਬਣ ਕੇ ਫੁੱਲ ਖਿੜੀਆਂ ਨੇ।
ਗੱਲਾਂ ਉਹਦੀ ਛੋਹ ਦੀਆਂ ਜਦ ਵੀ ਛਿੜੀਆਂ ਨੇ।
ਸ਼ਬਨਮ ਵਾਂਗੂੰ ਜਿਉਣ ਦਾ ਦੱਸ ਕੇ ਢੰਗ ਗਿਐ।
ਕੋਣ ਦਰਾਂ ਤੇ……………………।
ਕੋਸੀ ਕੋਸੀ ਧੁੱਪ ਉਵੈਂ ਮੁਸਕਾਂਦੀ ਹੈ।
ਸੱਜ ਵਿਆਹੀ ਜੀਕਣ ਘੁੰਡ ਉਠਾਂਦੀ ਹੈ।
ਖੁਸ਼ੀਆਂ ਦੇ ਪਲ 'ਗੁਰਮ' ਵੀ ਉਹਤੋਂ ਮੰਗ ਗਿਐ।
ਕੌਣ ਦਰਾਂ ਤੇ ਦਸਤਕ ਦੇ ਕੇ ਲੰਘ ਗਿਐ।
ਸਰਘੀ ਦਾ ਸਿਰਨਾਵਾਂ ਬੂਹੇ ਟੰਗ ਗਿਐ।