ਮਾਂ ਜਨਣੀ, ਮਾਂ ਸਿਰਜਨ ਹਾਰੀ!
ਤੇਰੀ ਕੁੱਖ 'ਚੋਂ ਜਨਮੀ ਇਹ ਦੁਨੀਆ ਸਾਰੀ!
ਸੁੱਚੇ ਸੁੱਚੇ ਸ਼ਬਦਾਂ ਨਾਲ ਪਾਲਣ-ਪੋਸਣ ਕਰਦੀ
ਤੇਰੇ ਤੋਂ ਹੀ ਸਿੱਖੀ ਬੋਲ ਚਾਲ ਦੀ ਭਾਸ਼ਾ ਸਾਰੀ!
ਤੇਰੇ ਅੰਦਰ ਧਰਤੀ ਚੰਨ, ਸੂਰਜ, ਆਕਾਸ਼
ਤੇਰੇ ਹੀ ਅੰਦਰ ਸਿਰਜਿਆ ਹਰ ਪ੍ਰਾਣੀ ਦਾ ਆਕਾਰ।
ਤੂੰ ਕੁਦਰਤ ਤੂੰ ਪੌਣ ਪਾਣੀ ਤੂੰ ਛਾਂ ਠੰਡੀ
ਮਾਂ ਜੀਉਣ ਦਾ ਦੇਂਦੀ ਸਭ ਨੂੰ ਅਹਿਸਾਸ
ਦੇਂਦੀ ਪਿਆਰ ਨਿਸ਼ਕਾਮ ਵਿਚ ਜ਼ਿੰਦਗ਼ੀ ਸਾਰੀ!
ਮਾਂ ਜਨਣੀ, ਮਾਂ ਸਿਰਜਨ ਹਾਰੀ!
ਮਾਂ ਦੀ ਗੋਦੀ ਨਿੱਘ ਸੂਰਜ ਦਾ
ਮੋਹ ਮਮਤਾ ਦੀ ਮੂਰਤ ਸਾਰੀ!
ਮਾਂ ਦੇ ਹੱਥ ਬਰਕੱਤ, ਮਾਂ ਦੇ ਹੱਥ ਕਲਾਕਾਰ
ਹਰ ਬੱਚੇ ਨੂੰ ਚੁੱਕ ਚੁੰਮ ਲੈਂਦੀ ਉਹਦੀ ਸਾਰ।
ਲੋਰੀ ਦੇਂਦੀ, ਝੂਲਾ ਝੁਲਾਉਂਦੀ, ਪਨਾਹ ਦੇਂਦੀ।
ਮਾਂ ਮਮਤਾ ਦੀ ਮੂਰਤ, ਮਾਂ ਦੇ ਹੱਥ ਪਿਆਰ!
ਮਾਂ ਦੇ ਹੱਥ ਸੁੱਚੇ ਆਟੇ ਨੂੰ ਮੁੱਕੀਆਂ ਦੇਂਦੇ
ਸਭ ਨੂੰ ਅੰਮ੍ਰਿਤ-ਭੋਜ ਖੁਆਉਂਦੇ, ਰੱਜ ਦੇਂਦੇ
ਸਿੱਦਕ ਸ਼ੁਕਰ ਦਿੰਦੇ, ਤੇ ਸਬਰ ਸਬੂਰੀ ਦੇਂਦੇ
ਮਾਂ ਮਮਤਾ ਦਾ ਸਮੁੰਦਰ ਕਦੀ ਨਾ ਮੁੱਕੇ ਪਿਆਰ
ਮਿਸ਼ਰੀ ਵਰਗੇ ਬੋਲਾਂ ਨਾਲ ਅਸੀਸਾਂ ਦੇਂਦੇ
ਜ਼ਿੰਦਗੀ ਵਿਚ ਸਦ ਖੇੜਾ ਖਿੜੀ ਰਹੇ ਬਹਾਰ!
ਆਸਰਾ ਮਾਂ ਤੇਰਾ ਤੂੰ ਹੀ ਸੈਂ ਸੁਰੱਖਿਆ ਮੇਰੀ
ਛੋਟੀਆਂ ਵੱਡੀਆਂ ਨੇਹਮਤਾਂ ਦੀ ਦਿੱਤੀ ਦਾਤ!
ਮਾਂ ਤੇਰੇ ਪੈਰ ਸ਼ਗੁਨ ਮਿਹਰਾਂ ਲਿਆਉਂਦੇ
ਆਪਣੇ ਪੈਰਾਂ ਤੇ ਰੱਖ ਨੰਨ੍ਹੇ ਨੰਨ੍ਹੇ ਪੈਰ ਤਾਈਂ
ਕਈ ਪੁਸ਼ਤਾਂ ਨੂੰ ਤੁਰਨਾ ਸਿਖਾਉਂਦੇ
ਹੌਲੀ ਹੌਲੀ ਤੁਰਦੇ ਤੁਰਦੇ ਸਫ਼ਰ ਹੋ ਜਾਂਦੇ
ਰੁਕਦੇ ਤਾਂ ਮੰਜ਼ਲ ਬਣ ਜਾਂਦੇ।
ਮੁੱਖ ਮਾਂ ਦਾ ਸੁਰਜਮੁਖੀ ਖਿੜਿਆ
ਜ਼ਿਹਨ ਮਾਂ ਦਾ ਸੁਖਮਨੀ ਸੁੱਖ ਭਰਿਆ
ਮਾਂ ਤੇਰੇ ਮੱਥੇ ਦੇ ਨੂਰ ਨਾਲ ਹਰ ਰੋਜ਼
ਸੂਰਜ ਉਗਦਾ ਸੰਧੂਰੀ ਹੋ ਜਾਂਦੀ ਸਵੇਰ
ਵਿਸਮਾਦ ਨਾਦ ਬਣ ਲੈ ਜਪੁਜੀ ਸਾਹਿਬ ਦੀ
ਪੌਣਾਂ ਵਿਚ ਗੂੰਜਦੀ ਮਿੱਠੀ ਮਿੱਠੀ ਲੈ ਸਵੇਰ
ਸ਼ਾਮ ਨੂੰ ਰਹਿਰਾਸ ਦੀ ਇਬਾਦਤ ਕਰਦੀ
ਕੰਮ ਧੰਦੇ ਨੂੰ ਕਦੀ ਹੋਣ ਨਾ ਦੇਂਦੀ ਅਵੇਰ।
ਮਾਏ ਨੀ ਮਾਏ! ਠੰਡੜੀ ਮਿੱਠੜੀ ਛਾਂ ਤੇਰੀ
ਜਦ ਸਿਰ ਤੋਂ ਖਿਸਕ ਜਾਏ ਤੇਰੇ ਬਾਝੋਂ ਨੀ ਅੰਬੜੀਏ
ਛਾ ਜਾਂਦਾ ਅੱਖਾਂ ਅਗੇ ਹਨੇਰ ਤੇ ਦੁਨੀਆਂ ਹੋ ਹਨੇਰ ਜਾਏ!
ਤੇਰੀਆਂ ਅੱਖੀਆਂ ਹਰ ਦਮ ਰਾਹ ਤੱਕਦੀਆਂ ਦਿੱਸਣ
ਤੇਰਾ ਪਿਆਰ ਤੇਰੀ ਮਮਤਾ ਤੇਰੀ ਸੰਵੇਦਨਾ ਓ ਮਾਂ
ਰੂਹ ਮੇਰੀ ਮਨ-ਦੇਹੀ ਵਿਚ ਇਕਮਿਕ ਹੋ ਜਾਂਦੀਆਂ!
ਉਹ ਤੇਰੀ ਹੱਲਾ-ਸ਼ੇਰੀ ਤੇਰੇ ਪਿਆਰ ਦੀ ਘੁਰਕੀ
ਜ਼ਿੰਦਗੀ ਮੇਰੀ ਦੇ ਖੰਭਾਂ ਦੀ ਬਣ ਉਡਾਰੀ ਜਾਂਦੀਆਂ!
ਮਾਂ ਦੀ ਮਮਤਾ ਨਾ ਮਿਲਦੀ ਲੋਕੋ ਵਿਚ ਕਿਤਾਬਾਂ
ਨਾ ਫ਼ਲਸਫ਼ੇ ਨਾ ਕਤੇਬਾਂ ਨਾ ਵਿਚ ਮਹਿਲ ਸਬਾਤਾਂ
ਇਹ ਤਾਂ ਬੋਲਣ, ਚਲਣ, ਜਿਉਣ ਦੀ ਜਾਚ ਵੇ ਲੋਕੋ
ਜਿਉਂਦੇ ਜੀ ਜੋ ਸਿਖਿਆ ਤੇ ਮਾਂ ਦਾ ਪਿਆਰ ਵੇ ਲੋਕੋ।
ਬਚਪਨ ਤੋਂ ਹੁਣ ਤੱਕ ਜੋ ਕੁਝ ਵੀ ਯਾਦ ਹੈ ਮੈਨੂੰ
ਹਰ ਦੁੱਖ-ਸੁੱਖ ਸਮੇਂ ਮਾਂ ਨਾਲ ਮੇਰੇ ਸੀ ਸ਼ਾਮਲ ਹੁੰਦੀ।
ਮਾਂ ਤੇਰੇ ਬਿਨ ਜ਼ਿੰਦਗੀ ਇਕ ਖ਼ਲਾਅ ਹੈ ਲਗਦੀ
ਨਹੀਂ ਪਤਾ ਸੀ ਬਿਨ ਤੇਰੇ ਕਿਹੋ ਜਿਹੀ ਹੈ ਜ਼ਿੰਦਗ਼ੀ ਹੁੰਦੀ।
ਮਾਏ ਨੀ ਮਾਏ! ਠੰਡੜੀ ਮਿੱਠੜੀ ਛਾਂ ਤੇਰੀ
ਜਦ ਸਿਰ ਤੋਂ ਖਿਸਕ ਜਾਏ, ਤੇਰੇ ਬਾਝੋਂ ਨੀ ਅੰਬੜੀਏ
ਛਾ ਜਾਂਦਾ ਅੱਖਾਂ ਅਗੇ ਹਨੇਰ ਤੇ ਦੁਨੀਆਂ ਹੋ ਹਨੇਰ ਜਾਏ!
ਤੇਰੀਆਂ ਅੱਖੀਆਂ ਹਰ ਦਮ ਰਾਹ ਤੱਕਦੀਆਂ ਦਿੱਸਣ
ਤੇਰਾ ਪਿਆਰ ਤੇਰੀ ਮਮਤਾ ਤੇਰੀ ਸੰਵੇਦਨਾ ਓ ਮਾਂ
ਰੂਹ ਮੇਰੀ ਮਨ-ਦੇਹੀ ਵਿਚ ਇਕਮਿਕ ਹੋ ਜਾਂਦੀਆਂ!
ਉਹ ਤੇਰੀ ਹੱਲਾ-ਸ਼ੇਰੀ ਤੇਰੇ ਪਿਆਰ ਦੀ ਘੁਰਕੀ
ਜ਼ਿੰਦਗੀ ਮੇਰੀ ਦੇ ਖੰਭਾਂ ਦੀ ਬਣ ਉਡਾਰੀ ਜਾਂਦੀਆਂ!