ਮੈਨੂੰ ਆਪਣੇ ਤੂੰ ਰੰਗ "ਚ " ਲੈ ਰੰਗ ਸਾਹਿਬਾ
ਮੰਨ ਲੈ ਨਿਕੜੀ ਜਿਹੀ ਮੇਰੀ ਇਹ ਮੰਗ ਸਾਹਿਬਾ ।
.
ਚੜਦੇ ਸੂਰਜ ਦੀ ਲਾੱਲੀ ਜਿਹਾ ਅਕਸ ਦੇ
ਪੌਣਾਂ ਵਾਂਗਰ ਜਿਉਣਾ ਮੈਨੂ ਬਖਸ਼ ਦੇ
ਪਾਣੀਆਂ ਵਾਂਗ ਵਹਿੰਦਾ ਹਮੇਸ਼ਾ ਰਹਾਂ
ਸਿੰਝਾ ਜੱਰਾ-ਜੱਰਾ ਹੋ ਜਾ ਸੰਗ ਸਾਹਿਬਾ ।
. ਮੈਨੂੰ ਆਪਣੇ ਤੂੰ ਰੰਗ "ਚ " ਲੈ.........
ਸ਼ਬਦਾਂ ਮੇਰਿਆਂ ਦੀ ਮਹਿਕ ਖਿਲਰ ਜਾਵੇ
ਬੋਲਾਂ ਮੇਰਿਆਂ ਦਾ ਚਾਨਣ ਪਸਰ ਜਾਵੇ
ਨਜਰਾਂ ਮੇਰੀਆਂ ਨੂੰ ਅਪਣਤ ਨਜਰ ਆਵੇ
ਐਸੀ ਉਲਫ਼ਤ ਦੀ ਛੇੜ ਤਰੰਗ ਸਾਹਿਬਾ ।
ਮੈਨੂੰ ਆਪਣੇ ਤੂੰ ਰੰਗ "ਚ " ਲੈ.........
.
ਸੋਚਾਂ ਮੇਰੀਆਂ ਡੂੰਘਾ .ਲਹਿਣਾ ਸਿੱਖਣ
ਖਾਹਿਸ਼ਾਂ ਮੇਰੀਆਂ ਆਪਣੇ ਟੀਚੇ ਮਿਥਣ
ਸਹਿਣਸ਼ੀਲ ਬਣਾਂ ਰੱਖਾਂ ਸਬਰ ਅੰਦਰ
ਤੇ ਸਮਰਪਣ ਵਿਚਰੇ ਅੰਗ -ਸੰਗ ਸਾਹਿਬਾ
ਮੈਨੂੰ ਆਪਣੇ ਤੂੰ ਰੰਗ "ਚ " ਲੈ.........
.
ਵਕ਼ਤ ਆਵੇ ਤਾ ਸ਼ਮਸ਼ੀਰ ਵੀ ਚੁੱਕ ਲਾਂ
ਹੋਵਾਂ ਨਿਮਰ ਏਨਾ ਗਲਤੀ ਤੇ ਝੱਟ ਝੁਕ ਜਾਂ
ਹਉਮੇ ਮੇਰੀ ਦੀ ਬਣ ਜੇ ਕਬਰ ਅੰਦਰ
ਤੇ ਤੇਰੇ ਦਰ ਦਾ ਕਹਾਂਵਾਂ ਮਲੰਗ ਸਾਹਿਬਾ
ਮੈਨੂੰ ਆਪਣੇ ਤੂੰ ਰੰਗ "ਚ " ਲੈ.........
.
ਮੇਰੀਆ ਮਜਬੂਰੀਆਂ ਜਾਣੇ ,ਲੋੜਾਂ ਵੀ ਤੂੰ
ਪੁੱਗੀਆਂ ਹਸਰਤਾਂ ਜਾਣੇ ਤੇ ਥੋੜਾਂ ਵੀ ਤੂੰ
ਪੁੱਜਣਾ ਚਾਹੁੰਦਾ ਹਾਂ ਜਿਹੜੀ ਮੰਜਿਲ ਤੇ ਮੈਂ
ਦੱਸਦੇ ਰਸਤਾ ਤੇ ਤੁਰਨੇ ਦਾ ਢੰਗ ਸਾਹਿਬਾ
ਮੈਨੂੰ ਆਪਣੇ ਤੂੰ ਰੰਗ "ਚ " ਲੈ.........