ਮੱਨੁਖੀ ਜੀਵਨ ਦਿਨ ਰਾਤ ਖੁਸ਼ੀਆਂ ਅਤੇ ਗੱਮਾਂ ਦੇ ਚੱਕਰ ਵਿਚ ਬਤੀਤ ਹੁੰਦਾ ਹੈ । ਖੁਸ਼ੀ ਥੋੜ ਚਿਰੀ ਹੁੰਦੀ ਹੈ ਅਤੇ ਗੱਮ ਕਈ ਵੇਰ ਤਾ ਲੱਕੜੀ ਲੱਗੇ ਘੁਣ ਵਾਂਗ ਇਨਸਾਨ ਨੂੰ ਅੰਦਰੋ ਅੰਦਰੀ ਇਨਾ ਖੋਖਲਾ ਕਰ ਜਾਂਦਾ ਹੈ ਕਿ ਜੀਵਨ ਬੇਸੁਆਦ ਬੇਸੁਰਾ ਫਿਕਾ ਫਿਕਾ ਜਿਹਾ ਹੋ ਕੇ ਰਹਿ ਜਾਂਦਾ ਹੈ, ਜੀਵਨ ਵਿਚ ਖੜੋਤ ਆ ਜਾਂਦੀ ਹੈ। ਕੋਈ ਖੁਸ਼ੀ ਦਾ ਪੱਲ ਹੀ ਉਸ ਖੜੋਤ ਨੂੰ ਤੋੜ ਕੇ ਮਨੁੱਖ ਵਿਚ ਨਵਾਂ ਉਤਸ਼ਾਹ ਨਵੀਂ ਉਮੰਗ ਪੈਦਾ ਕਰ ਸਕਦਾ ਹੈ। ਖੁਸ਼ੀਆਂ ਦੇ ਪੱਲ ਟੋਹਲਣ ਲਈ ਪਹਿਲਾਂ ਪਹਿਲ ਪੁਰਾਤਨ ਮਨੁਖ ਚੰਦਰਮਾਂ ਦੀ ਲੁਕਣ ਮੀਟੀ ਤੋਂ ਪ੍ਰਭਾਵਤ ਹੋ ਕੇ ਮੱਸਿਆ ਪੁਨਿਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਨਾਉਣ ਲਈ ਇਕੱਠ ਕਰਨ ਲੱਗ ਪਿਆ ਇਕ ਸਾਂਝੀ ਸੋਚ ਉਭਰਨੀ ਸ਼ੁਰੂ ਹੋ ਗਈ ,ਪ੍ਰਿਵਾਰਕ ਜੀਵਨ ਦਾ ਜਨਮ ਹੋਇਆ ਰਿਸ਼ਤਿਆਂ ਨਾਤਿਆਂ ਦੀ ਪਹਿਚਾਣ ਹੋਈ ਮੋਸਮਾਂ, ਵਾਤਾਵਰਨ ਤੋਂ ਪ੍ਰਭਾਵਤ ਹੋ ਕੇ ਖੁਸ਼ੀਆਂ ਮਨਾਉਣ ਲਈ ਕੁਝ ਦਿਨਾਂ ਦੀ ਚੋਣ ਹੋਈ , ਹੋਲੀ ਹੋਲੀ ਉਹ ਦਿਨ ਤਿਉਹਾਰਾਂ ਮੇਲਿਆਂ ਵਿਚ ਬਦਲ ਗਏ ਦੂਰ ਦੁਰਾਡੇ ਤੋਂ ਆ ਕੇ ਮੇਲਿਆਂ ਵਿਚ ਸ਼ਰੀਕ ਹੋਣ ਨਾਲ ਸਾਂਝ ਵਧੀ ਬਸ ਤਰੱਕੀ ਦੇ ਰਾਹ ਖੁਲ ਗਏ , ਨਵੀਂ ਉਮੰਗ ਇਛਾ ਪੈਦਾ ਕਰਨ ਅਤੇ ਗਮ ਨੂੰ ਭੁਲਾਉਣ ਵਿਚ ਮੇਲਿਆਂ ਤਿਓਹਾਰਾਂ ਦਾ ਬਹੁਤ ਵਡਾ ਯੋਗਦਾਨ ਹੈ ।
ਸੂਰਜ ਏਕੋ ਰੁਤ ਅਨੇਕ “ਗੁਰਬਾਣੀ”
ਲੋਹੜੀ ਅਤੇ ਮਾਘੀ ਦੁਵੇਂ ਸੂਰਜ ਨਾਲ ਸਬੰਧਤ ਹਨ।ਸੂਰਜ ਅੱਗ ਅਤੇ ਸਰਦ ਰੁਤ ਇਹਨਾਂ ਸੂਰਜ ਨਾਲ ਸਬੰਧਤ ਮੇਲਿਆਂ ਦੀ ਰੂਪ ਰੇਖਾ ਉਲੀਕਦੇ ਹਨ। ਪੁਰਾਤਨ ਮਨੁਖ ਵਲੋਂ ਮਾੜੀਆਂ ਮੋਟੀਆਂ ਉਸਾਰੀਆਂ ਝੁੱਗੀਆਂ ਕੜਾਕੇ ਦੀ ਸਰਦੀ ਤੋਂ ਉਸ ਦਾ ਬਚਾ ਨਹੀਂ ਸਨ ਕਰ ਸਕਦੀਆਂ। ਦਿਨੇ ਸੂਰਜ ਦਾ ਨਿੱਘ ਮਾਣਦਾ ਮੱਨੁਖ ਸ਼ਾਮ ਨੂੰ ਸੂਰਜ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਨ ਲੱਗ ਜਾਂਦਾ ਅਤੇ ਰਾਤ ਲੰਘਾਉਣ ਲਈ ਅੱਗ ਦਾ ਸਹਾਰਾ ਭਾਲਦਾ।ਕੋਹਰਾ ਪੈਣ ਤੇ ਜਦ ਕਈ ਕਈ ਦਿਨ ਸੂਰਜ ਦੇ ਦਰਸ਼ਣ ਨਾ ਹੁੰਦੇ ਤਾਂ ਉਹ ਘਬਰਾ ਕੇ ਸੂਰਜ ਦੀ ਲੰਬੀ ਉਮਰ ਅੱਤੇ ਤੰਦਰੁਸਤੀ ਲਈ ਟੂਣੇ ਜਾਦੂ ਕਰਨ ਵਾਲੀ ਸ਼ਰੈਣੀ ਦੇ ਚਰਨੀ ਜਾ ਲਗਦਾ। ਕੋਈ ਚਾਰ ਹਜਾਰ ਸਾਲ ਤੋਂ ਮੈਸੋਪਟੇਮੀਆਂ ( ਅੱਜ ਦਾ ਈਰਾਕ) ਪਰਸ਼ੀਆ, ਇਟਲੀ , ਮਿਸਰ ਅਤੇ ਹੋਰ ਬਹੁਤ ਸਾਰੇ ਯੂਰਪੀਅਨ ਦੇਸ਼ਾ ਵਿਚ ਸੂਰਜ ਨੂੰ ਧੁੰਦ ਦੇ ਦੈਂਤ ਬਚਾਉਣ ਲਈ ਕਈ ਉਪਾ ਕੀਤੇ ਜਾਂਦੇ ਸਨ।
21 ਦਸੰਬਰ ਤੋਂ ਬਾਅਦ ਦਿਨ ਵੱਧਣ ਲੱਗ ਜਾਂਦੇ ਹਨ ਇਸ ਖੁਸ਼ੀ ਵਿਚ ਇਹ ਮੇਲਾ ਅੱਧ ਜਨਵਰੀ ਤੱਕ ਮਨਾਇਆ ਜਾਂਦਾ ਸੀ। ਬਾਅਦ ਵਿਚ ਕ੍ਰਿਸ਼ਚੀਅਨ ਨੇ ਇਸ ਤੇ ਕਬਜ਼ਾ ਜਮਾ ਕੇ ਕ੍ਰਿਸਮਸ ਦਾ ਨਾਮ ਦੇਕੇ ਈਸਾ ਦੇ ਜਨਮ ਦਿਨ ਵਜੋਂ 25 ਦਸੰਬਰ ਨੂੰ ਮਨਾਉਣਾ ਸ਼ੁਰੂ ਕਰ ਦਿਤਾ( ਈਸਾ ਦੇ ਜਨਮ ਬਾਰੇ ਤਾਂ ਹਾਲੇ ਤਕ ਕੋਈ ਠੋਸ ਸਬੂਤ ਨੰਹੀ ਮਿਲਦਾ। )
ਭਾਰਤ ਵਿਚ ਲੋਹੜੀ ਤੇ ਮਾਘੀ ਵਿਚਕਾਰ ਕੁੱਝ ਘੰਟਿਆਂ ਦਾ ਹੀ ਫਰਕ ਹੈ। ਪੋਹ ਦੇ ਮਹੀਨੇ ਦੀ ਆਖਰੀ ਰਾਤ ਲੋਹੜੀ ਅਤੇ ਮਾਘ ਦਾ ਪਹਿਲਾ ਦਿਨ ਮਾਘੀ ਵਜੋਂ ਸੱਦੀਆਂ ਤੋਂ ਮਨਾਏ ਜਾਂਦੇ ਹਨ । ਲੋਹੜੀ ਮੋਸਮੀ ਤਿਉਹਾਰ ਹੈ ਅਤੇ ਇਸ ਦਾ ਸਬੰਧ ਸੂਰਜ ਨਾਲ ਹੋਣ ਕਰਕੇ ਕਰੀਬਨ ਕਰੀਬਨ ਜਨਵਰੀ 12,13ਨੂੰ ਹੀ ਆਉਂਦਾ ਹੈ। ਪਰ ਕੁਝ ਦੇਰ ਤੋਂ ਨਾਨਕ ਸ਼ਾਹੀ ਕੈਲੰਡਰ ਨਾਲ ਇਸ ਦੀ ਸਹੀ ਤਰੀਕ ਦਾ ਰੌਲ ਘਚੌਲਾ ਪੈਣ ਨਾਲ ਇਸ ਮੌਜ ਮੇਲੇ ਦੇ ਤਿਉਹਾਰ , ਭੇਣਾ ਭਰਾਵਾਂ ਦੇ ਪਿਆਰ ਦੀ ਝੱਲਕ , ਨਿਰਛੱਲ ਬਚਿਆਂ ਵਲੋਂ ਸਾਂਝੇ ਅਤੇ ਸਾਦੇ ਜਿਹੇ ਗੀਤ ਗਾਉਣ ਦੀਆਂ ਆਵਾਜ਼ਾਂ , ਭੈਣਾ ਵਲੋਂ ਆਪਣੇ ਭਰਾਵਾਂ ਦੀ ਬਹਾਦਰੀ ਅਤੇ ਸੁੱਖਾਂ ਮਨਾਉਣ ਵਾਲੇ ਗੀਤ, ਸਦੀਆਂ ਤੋਂ ਚਲੀ ਆਈ ਸਾਡੀ ਵਿਰਾਸਤ ਅਤੇ ਸਭਿਆਚਾਰ ਦੀ ਤਸਵੀਰ ਕਿਨੀ’ਕ ਧੁੰਦਲੀ ਹੋਈ ਹੈ ਇਸ ਬਾਰੇ ਪਾਠਕ ਹੀ ਸਹੀ ਅੰਦਾਜ਼ਾ ਲਗਾ ਸਕਦੇ ਹਨ।
ਪਹਿਲਾਂ ਲੋਹੜੀ ਬਾਰੇ ਵਿਚਾਰ ਕਰਦੇ ਹਾਂ ਭਾਰਤ ਦੀ ਵਡੀ ਵਸੋਂ ਦਾ ਸਬੰਧ ਖੇਤੀ ਬਾੜੀ ਨਾਲ ਹੈ । ਸੌਣੀ ਅਤੇ ਹਾੜੀ ਦੋਵੇਂ ਫਸਲਾਂ ਦੇ ਨਾਮ ਹਨ । ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਸੌਣੀ ਦੀ ਫਸਲ ਝੋਨਾ ਅਤੇ ਮੱਕੀ ਮੋਨਸੂਨ ਆਸਰੇ ਪਲਦੀ ਸੀ ਅਤੇ ਬਰਸਾਤ ਦੀ ਗਿੱਲ ਦਬ ਕੇ ( ਵਤਰ ਆਈ ਜ਼ਮੀਨ ਨੂੰ ਵਾਹ ਕੇ ਸੁਹਾਗਾ ਮਾਰਨ ਨੂੰ ਗਿੱਲ ਦਬਣਾ ਕਿਹਾ ਜਾਂਦਾ ਹੈ) ਹਾੜੀ ਦੀ ਫਸਲ ਕਣਕ ਛੋਲੇ ਬੀਜ ਦਿਤੇ ਜਾਂਦੇ ਸਨ । ਮੋਨਸੂਨ ਵੀ ਤਾਂ ਬੇ ਇਤਬਾਰੀ ਹੈ ਕਦ ਹਟ ਜਾਵੇ ਕੀ ਪਤਾ ਕਈ ਦੱਫਾ ਥੋਹੜੀ ਗਿੱਲ ਆਸਰੇ ਦਾਣਾ ਬੀਜ ਕੇ ਕਿਰਸਾਨ ਬਦਲਾਂ ਵਲ ਤਰਾਸਦੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦਾ ਸੀ। ਲੋਹੜੀ ਦੁਆਲੇ ਬਰਸਾਤ ਪੈ ਜਾਏ ਤਾਂ ਉਹਨਾਂ ਦੀ ਬੀਜੀ ਫਸਲ ਵੀ ਉਂਗਰ ਪੈਂਦੀ ਸੀ ,ਫਸਲ ਦੀ ਆਸ ਬੱਝ ਜਾਂਦੀ ਸੀ। ਆਮ ਕਹਾਵਤ ਸੀ ਮੀਂਹ ਵਸੇ ਲੋਹੀ ਇਕੋ ਜਿਹੀ ਹੋਈ ਜੇ ਮੀਂਹ ਨਹੀਂ ਪਿਆ ਤਾਂ ਆਖਦੇ ਸਨ ਮੀਂਹ ਨਾ ਪਵੇ ਲੋਹੜੀ ਹਾੜੀ ਲਗੇ ਕੋਹੜੀ। ਇਹਨਾਂ ਕਹਾਵਤਾਂ ਚੋਂ ਹੀ ਜਨਮ ਲੈਂਦਾ ਹੈ ਲੋਹੜੀ ਦਾ ਪਵਿਤਰ ਤਿਉਹਾਰ। ਕਈ ਵਿਦਵਾਨਾਂ ਦਾ ਖਿਆਲ ਹੈ ਕੇ ਲੋਹੜੀ ਦੀ ਰਾਤ ਨੂੰ ਤਿਲ ਅਤੇ ਗੁੜ ਨਾਲ ਬਣੀਆਂ ਰਿਉੜੀਆਂ ਵੰਡੀਂਆਂ ਜਾਂਦੀਆਂ ਹਨ ਇਸ ਕਰ ਕੇ ਤਿਲ ਰੋੜੀ ਤੋ ਬਿਗੜਕੇ ਇਸ ਦਾ ਨਾਮ ਲੋਹੜੀ ਬਣ ਗਿਆ ਖੈਰ ਜੋ ਵੀ ਹੋਵੇ ਇਹ ਇਕ ਪ੍ਰਿਵਾਰਕ ਤਿਉਹਾਰ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਸਮੁਚੇ ਦੇਸ਼ ਵਾਸੀਆਂ ਦਾ ਸਾਂਝਾ ਤਿਉਹਾਰ ਹੈ ਜੋ ਕਿਸੇ ਵੀ ਧਰਮ ਮਜ਼ਹਬ ਦੀ ਵਲਗਣ ਵਿਚ ਨਹੀਂ ਆਊਂਦਾ।
ਲੋਹੜੀ ਤੋਂ ਕੋਈ ਅੱਠ ਦਸ ਦਿਨ ਪਹਿਲਾਂ ਹੀ ਸੂਰਜ ਅਲੋਪ ਹੁੰਦੇ ਹੀ ਛੋਟੇ ਬਾਲਾਂ ਤੋਂ ਲੈ ਕੇ ਪੰਦਰਾਂ ਸੋਲਾਂ ਸਾਲ ਦੇ ਗੱਭਰੂਆਂ ਵਲੋਂ ਗਲੀ ਮਹੱਲਿਆਂ ਵਿਚ ਉਚੀ ਸੁਰ ਵਿਚ ਗਾਇਆ ਅੰਬੀਆਂ ਵਈ ਅੰਬੀਆਂ ਦਾ ਰਾਗ ਲੋਹੜੀ ਦਾ ਸੁਨੇਹਾ ਦੇਣ ਲੱਗ ਜਾਂਦਾ ਸੀ । ਸੀ ਦਾ ਸ਼ਬਦ ਮੈਂ ਇਸ ਲਈ ਵਰਤਿਆ ਹੈ ਕਿਊਂਕਿ 1953 ਤੋਂ ਬਾਅਦ ਮੈਨੂੰ ਕਦੇ ਵੀ ਪੰਜਾਬ ਦੀ ਲੋਹੜੀ ਦੇਖਣ ਦਾ ਸੁਭਾਗ ਪਰਾਪਤ ਨਹੀਂ ਹੋਇਆ । ਲੋਹੜੀ ਦੇ ਗਾਏ ਗੀਤਾਂ ਵਿਚ ਦੁੱਲਾ ਭਟੀ ਨਾਂ ਦੇ ਮੁਸਲਮਾਨ ਜੋ ਇਕ ਡਾਕੂ ਵਜੋਂ ਜਾਣਿਆ ਜਾਂਦਾ ਸੀ ਨੂੰ ਵੀ ਲੋਕ ਨਾਇਕ ਵਜੋਂ ਯਾਦ ਕੀਤਾ ਜਾਂਦਾ ਹੈ । ਦੁੱਲਾ ਜ਼ਾਲਮਾਂ , ਬੇਈਮਾਨਾਂ ਅਤੇ ਧੋਖੇਬਾਜ਼ਾ ਲਈ ਡਾਕੂ ਸੀ ਪਰ ਦੀਨ ਦੁਖੀਆਂ ਬੇਸਹਾਰਿਆਂ ਦਾ ਸਹਾਰਾ ਬਣਦਾ ਸੀ। ਇਕ ਗਰੀਬ ਬ੍ਰਾਹਮਣ ਜਦ ਫਰਿਆਦੀ ਹੋਇਆ ਤਾਂ ਦੁੱਲੇ ਅੰਦਰ ਇਨਸਾਨੀਅਤ ਜਾਗ ਪਈ ਇਕ ਬਹਾਦਰ ਪੰਜਾਬੀ ਨੇ ਧਰਮਾਂ ਮਜ਼ਹਬਾ ਦੇ ਵਲਗਣ ਤੋਂ ਉਚਾ ਉਠਕੇ ਉਸ ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਅਤੇ ਮੁੰਦਰੀ ਦਾ ਵਿਆਹ ਜੋ ਉਸ ਵਕਤ ਉਸ ਤੋਂ ਸਰਿਆ ਉਹਨਾਂ ਦੀ ਝੋਲੀ ਪਾ ਕੇ ਉਹਨਾ ਦੇ ਧਰਮ ਅਨੁਸਾਰ ਅੰਗਨੀ ਦੁਆਲੇ ਫੇਰੇ ਦੇ ਕੇ ਵਿਆਹ ਕਰਵਾ ਦਿਤਾ ਅਤੇ ਲੋਕ ਗੀਤਾਂ ਵਿਚ ਨਾਇਕ ਬਣ ਕੇ ਅਮਰ ਹੋ ਗਿਆ।
ਗੀਤ ਦੇ ਬੋਲ ਸੁੰਦਰੀਏ ਨੀ ਮੁੰਦਰੀਏ ਨੀ ਤੇਰਾ ਕੋਣ ਵਿਚਾਰਾ, ਦੁੱਲਾ ਭਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ, ਪਲੇ ਸ਼ਕਰ ਪਾਈ ਹੋ........
ਸਿਖ ਗੱਭਰੂਆਂ ਵਲੋ ਗਾਇਆ ਇਹ ਗੀਤ ਪੰਜਾਬੀਆਂ ਦੀ ਸਾਂਝ ਦੀ ਨਿਸ਼ਾਨਦਿਹੀ ਕਰਦਾ ਹੈ ਪਰ ਅਫਸੋਸ ਖੁਦਗਰਜ਼ ਸਿਆਸਤ ਦਾਨਾ ਨੇ 1947 ਵਿਚ ਇਸ ਸਾਂਝ ਨੂੰ ਲੀਰੋ ਲੀਰ ਕਰ ਦਿਤਾ ਅਤੇ ਜੋ ਬਚਿਆ ਹੈ ਅਜ ਦੇ ਆਗੂ ਹਿੰਦੂ ਸਿਖਾਂ ਵਿਚ ਪਾੜ ਪਾ ਕੇ ਉਸ 1947 ਵਰਗੇ ਘਲੂ ਘਾਰੇ ਨੂੰ ਫਿਰ ਦੁਹਰਾਉਣਾ ਮੰਗਦੇ ਹਨ ।
ਕੁਝ ਕਟੜ ਪੰਥੀ ਮਨੁਖਤਾ ਦੇ ਸਾਂਝੇ ਤਿਉਹਾਰ ਨੂੰ ਬ੍ਰਾਹਮਣੀ ਆਖ ਕੇ ਨਕਾਰਨ ਦਾ ਯਤਨ ਕਰਦੇ ਹੋਏ ਲੋਕਾਈ ਦੀਆਂ ਖੁਸ਼ੀਆਂ ਦਾ ਕਤਲ ਕਰ ਰਹੇ ਹਨ।
ਲੋਹੜੀ ਦੇ ਗੀਤ ਕਿਸੇ ਗੀਤ ਕਾਰ ਨੇ ਨਹੀਂ ਲਿਖੇ ਇਹ ਸਾਦੇ ਜਿਹੇ ਟੱਪੇ ਕਈ ਇਕ ਵਲੋਂ ਲਿਖੇ ਟਪਿਆਂ ਦਾ ਮਜਮੂਆ ਹੈ ਜੋ ਪੀੜ੍ਹੀ ਦਰ ਪੀੜ੍ਹੀ ਬਗੈਰ ਕਿਸੇ ਵੱਡੇ ਉਪਰਾਲੇ ਦੇ ਯਾਦ ਭੰਡਾਰ ਵਿਚ ਜਮਾਂ ਹੋ ਜਾਂਦਾ ਹੈ।
ਭਾਰਤ ਖੇਤੀ ਬਾੜੀ ਤੇ ਅਧਾਰਤ ਦੇਸ਼ ਹੋਣ ਕਰਕੇ ਮੁੰਡੇ ਦੇ ਜੱਮਣ ਤੇ ਕੁਝ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਹੈ ਕਿਊਂਕਿ ਮੁੰਡੇ ਨੇ ਹੀ ਗਭਰੂ ਹੋ ਕੇ ਖੇਤਾਂ ਵਿਚ ਬਾਪ ਦਾ ਹੱਥ ਵਟਾਉਣਾ ਹੁੰਦਾ ਹੈ ਇਸ ਲਈ ਇਕ ਪ੍ਰਮਪਰਾ ਬਣ ਗਈ ਕਿ ਇਸ ਖੁਸ਼ੀ ਨੂੰ ਭਾਇਚਾਰੇ ਨਾਲ ਸਾਂਝੀ ਕਰਨ ਲਈ ਲੋਹੜੀ ਦਾ ਦਿਨ ਮਿਥ ਲਿਆ ਗਿਆ ਤੇ ਲੋਹੜੀ ਵਾਲੇ ਦਿਨ ਵਿਤ ਅਨੁਸਾਰ ਗੁੜ ਜਾਂ ਲਡੂ ਵੰਡੇ ਜਾਂਦੇ ਹਨ। ਪਰ ਹੁਣ ਸਮਾ ਬਦਲ ਗਿਆ ਹੈ ਅਜ ਕਲ ਲੜਕੀ ਦੀ ਆਮਦ ਤੇ ਵੀ ਚਾਵਾਂ ਮਲਾਹਰਾਂ ਨਾਲ ਲੋਹੜੀ ਮਨਾਉਣ ਦੀ ਚੰਗੀ ਪਿਰਤ ਪੈ ਰਹੀ ਹੈ । ਪਰਮਜੀਤ ਸਿੰਘ ਦਾਖਾ ਦੇ ਵੰਡ ਵਿਚਾਰਾਂ ਨਾਲ ਮੈਂ ਸਹਿਮਤ ਤਾਂ ਨਹੀਂ ਪਰ ਉਹਨਾਂ ਵਲੋਂ ਲੋਹੜੀ ਨੂੰ ਉਕੀ ਤਲਾਂਜਲੀ ਦੇਣ ਦੀ ਬਜਾਏ ਬੇਬੀ ਡੇ ਦੇ ਨਾਮ ਥੱਲੇ ਲੋਹੜੀ ਮਨਾਉਣਾ ਇਕ ਸੂਝਵਾਨ ਕਦਮ ਹੈ । ਜਿਸ ਨਾਲ ਪੰਜਾਬੀ ਵਿਰਸਾ, ਸਾਂਝ, ਸ਼ਭਿਆਚਾਰ ਆਉਣ ਵਾਲੀ ਪੀੜ੍ਹੀ ਤਕ ਚਲਦਾ ਰਹਿਗਾ।
ਲੋਹੜੀ ਹਰ ਸਾਲ ਮਰਦਮ ਸ਼ੁਮਾਰੀ ਦਾ ਕੰਮ ਵੀ ਕਰਦੀ ਹੈ ਤਕਰੀਬਨ ਭਾਈਚਾਰੇ ਨੂੰ ਪੂਰਾ ਗਿਆਨ ਹੁੰਦਾ ਹੈ ਕਿਨੇ ਬਚੇ ਹੋਏ ਨੇ ਕਿਨੀਆਂ ਸ਼ਾਦੀਆ ਹੋਈਆਂ ਹਨ। ਜਦ ਸਾਰਾ ਨਗਰ ਉਸ ਨਵ ਜੰਮੇ ਦੀ ਖੁਸ਼ੀ ਮਨਾਉਂਦਾ ਹੈ ਤਾਂ ਆਪਸੀ ਅੱਪਣਤ ਵੱਧਦੀ ਹੈ ਚੀਨ ਵਾਲੇ ਪਰਦੇਸਾਂ ਵਿਚ ਰਹਿੰਦੇ ਹੋਏ ਵੀ ਹਰ ਬੱਚੇ ਦਾ ਜਨਮ ਰਿਕਾਰਡ ਜੱਦੀ ਪਿੰਡ ਵਿਚ ਵੀ ਰਖਦੇ ਹਨ ਠੀਕ ਇਸੇ ਤਰਾਂ ਸਾਡੇ ਪੰਜਾਬੀ ਵੀ ਨਵੇਂ ਜਨਮੇ ਬਚੇ ਦੀ ਲੋਹੜੀ ਦੇਣ ਕਰਾਇਆ ਭਾੜਾ ਖਰਚ ਕੇ ਆਪਣੇ ਜੱਦੀ ਪਿੰਡ ਜਾਂਦੇ ਹਨ।
ਜਿਸ ਘਰ ਵਿਚ ਨਵੀ ਨਵੇਲੀ ਬਹੂ ਆਈ ਹੋਵੇ ਮੁਟਿਆਰਾਂ ਉਹਨਾਂ ਦੀ ਖੁਸ਼ੀ ਵਿਚ ਸ਼ਾਮਲ ਹੁੰਦੀਆਂ ਲੋਹੜੀ ਕੁਝ ਇਸ ਤਰਾਂ ਮੰਗਦੀਆਂ ਹਨ। ਟਾਂਡਾ ਟਾਂਡਾ ਟਾਂਡਾ ਅੜੀਓ ਟਾਂਡਾ ਨੀ, ਟਾਂਡਾ ਟਾਂਡਾ ਟਾਂਡਾ ਅੜੀਓ ਟਾਂਡਾ ਨੀ ,ਇਸ ਟਾਂਡੇ ਦੇ ਨਾਲ ਪਿਆ ਕਲੀਰਾ ਨੀ ਜੁਗ ਜੁਗ ਜੀਵੇ ਭੈਣ ਦਾ ਸੋਹਣਾ ਵੀਰਾ ਨੀ। ਇਸ ਵੀਰੇ ਦੀ ਵੇਲ ਰੱਬ ਵਧਾਈ ਨੀ, ਘਰ ਚੂੜੇ ਵਾਲੀ ਛੱਮਕ ਛੱਲੋ ਆਈ ਨੀ। ਚੂੜਾ ਵੇਹੜੇ ਵਿਚ ਖੜਕੇ ਉਹ ਸ਼ਰੀਕਣੀਆ ਦੇ ਰੜਕੇ, ਹੋਣ ਤੈਂਨੂੰ ਰਬ ਦੀਆਂ ਰਖਾਂ ਤੇਰਾ ਨਿਕਾ ਜੀਵੇ ,ਤੇਰਾ ਵਡਾ ਜੀਵੇ ਵੱਡਵੱਡੇਰਾ ਜੀਵੇ ਗੁੜ ਦੀ ਰੋੜੀ ਜੀਵੇ ਭਾਈਆਂ ਦੀ ਜੋੜੀ ਜੀਵੇ........, ਜੇ ਵਧਾਈ ਵਿਚ ਕੁਝ ਦੇਰ ਹੋ ਜਾਵੇ ਤਾਂ ਸੁਰ ਬਦਲ ਜਾਂਦੀ ਹੈ ਸਾਡੇ ਪੇਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ ,ਸਾਡੇ ਪੈਰਾਂ ‘ਚ ਪਰਾਤ ਸਾਨੂੰ ਉਤੋਂ ਪੈਂਦੀ ਰਾਤ ਸਾਡੇ ਪੈਰਾਂ ਹੇਠ ਵੱਹੀ ਅਸੀਂ ਹਿਲਣਾ ਵੀ ਨਹੀਂ ਕੋਈ ਕਿਸੇ ਦਾ ਗੁਸਾ ਨਹੀਂ ਕਰਦਾ।
ਲੋਹੜੀ ਵਾਲੇ ਦਿਨ ਸੂਰਜ ਛਿਪਦੇ ਹੀ ਸਾਂਝੇ ਵਹਿੜਿਆਂ ਵਿਚ ਮਹੱਲਿਆਂ ਵਿਚ ਲਕੜਾਂ ਦੀ ਜਾਂ ਗੋਟਿਆਂ ਦੀ ਧੂਣੀ ਬਾਲ ਕੇ ਉਸ ਦੇ ਗਿਰਦ ਇਕਠੇ ਬੈਠ ਕੇ ਸੇਕਣ ਦਾ ਅਨੰਦ ਉਸ ਪੁਰਾਤਨ ਸਮੇਂ ਦੀ ਯਾਦ ਤਾਜ਼ਾ ਕਰਾ ਦਿੰਦਾ ਹੈ ਜਦ ਸਾਡੇ ਪੂਰਬਲੇ ਦੀਵਾਲੀ ਦੀ ਧੂਣੀ ਤੋਂ ਸ਼ੁਰੂ ਕਰਕੇ ਲੋਹੜੀ ਦੀ ਆਖਰੀ ਧੂਣੀ ਤਕ ਅੱਗਨੀ ਸਹਾਰੇ ਕੱਕਰੀਲਾਂ ਰਾਤਾਂ ਬਤਾਉਂਦੇ ਸਨ। ਬਜ਼ੁਰਗ ਧੂਣੀ ਤੇ ਕੋਈ ਗਿਲੀ ਸ਼ੈਂ ਨਹੀ ਸੀ ਪਾਉਣ ਦਿੰਦੇ ਇਥੋਂ ਤਕ ਕਿ ਗੱਨਾ ਚੂਪ ਕੇ ਜੂਠਾ ਛਿਲੱੜ ਸੁਟਣਾ ਵੀ ਮਨਾ ਸੀ ਤਾ ਕਿ ਧੂਆਂ ਨਾ ਉਠੇ। ਅਜ ਜੋ ਹੱਥ ਆਵੇ ਅਗਨੀ ਭੇਟ ਕਰ ਦਿਤਾ ਜਾਂਦਾ ਹੈ ਸ਼ਹਿਰ ਬੰਦ ਸਮੇਂ ਬੜੀ ਬੇਸ਼ਰਮੀ ਨਾਲ ਟਾਇਰਾਂ ਨੂੰ ਅੱਗ ਲਾ ਕੇ ਜ਼ਹਿਰੀਲੇ ਧੂਏਂ ਨਾਲ ਫੇਫੜਿਆਂ ਦੀ ਤਾਕਤ ਅਜ਼ਮਾਈ ਕੀਤੀ ਜਾਂਦੀ ਹੇ। ਲੋਹੜੀ ਦੀ ਧੂਣੀ ਤੇ ਕੁਝ ਮੇਵੇ ਸੁਟਣੇ ਵੀ ਅਗਨ ਪੂਜਾ ਨਹੀਂ ਵਾਤਵਰਨ ਨੂੰ ਸੁਘੰਦਤ ਕਰਨ ਹੈ । ਸਿਆਣੇ ਅਗਨੀ ਵਲ ਨੂੰ ਪਿਠ ਨਹੀਂ ਸੀ ਕਰਨ ਦਿੰਦੇ ਕੀ ਪਤਾ ਕਦ ਕੋਈ ਚੰਗਿਆੜਾ ਕਪੜਿਆਂ ਤੇ ਪੈ ਕੇ ਧੁਖਦਾ ਹੋਇਆ ਭਾਂਬੜ ਬਣ ਜਾਣ ਤੇ ਹੀ ਪਤਾ ਲਗੇ ਤਾਂ ਬਹੁਤ ਦੇਰ ਹੋ ਚੁਕੀ ਹੁੰਦੀ ਹੈ। ਲੌਹੜੀ ਤਕ ਸੂਰਜ ਦੀ ਹਾਜ਼ਰੀ ਦਾ ਸਮਾਂ ਵਧ ਜਾਂਦਾ ਹੈ। ਕਹਾਵਤ ਹੈ ਕਿ ਲੋਹੜੀ ਤਕ ਸੂਰਜ ਬੱਕਰੇ ਜਿਡੀ ਸ਼ਾਲ ਮਾਰ ਜਾਂਦਾ ਹੈ। ਸੂਰਜ ਦੀਆਂ ਰਿਸ਼ਮਾ ਧਰਤੀ ਨੂੰ ਗਰਮਾਈ ਦਿੰਦੀਆਂ ਹਨ ਧਰਤੀ ਵਿਚ ਪਿਆ ਬੀਜ ਉਸਲਵੱਟੇ ਲੈਂਦਾ ਪੁੰਗਰ ਪੈਂਦਾ ਹੈ ਬਸੰਤ ਆਉਣ ਦਾ ਸੰਦੇਸ਼ ਮਿਲ ਜਾਂਦਾ ਹੈ ਛੇਤੀ ਹੀ ਸਰਸੋਂ ਬਸੰਤੀ ਫੁਲਾਂ ਦੀ ਪਰਦਰਸ਼ਨੀ ਕਰਨ ਲੱਗ ਜਾਂਦੀ ਹੈ ਕੁਝ ਹੀ ਦਿਨਾਂ ਵਿਚ ਹਰ ਪਾਸੇ ਹਰਿਆਵਲ ਦਿਸਣ ਲਗ ਜਾਂਦੀ ਹੈ ਬਿਰਛ ਬੇਲ ਬੂਟੇ ਸਮੁਚੀ ਬਨਸਪਤ ਨੀੰਦਰ ਤੋਂ ਜਾਗ ਉਠਦੀ ਹੈ ਟਾਹਣਾ ਦੀ ਹਰਿਆਵਲ ਵਿਚ ਪੰਛੀ ਕਲੋਲਾਂ ਕਰਨ ਲਗ ਪੈਂਦੇ ਹਨ ਮਧੂ ਮਖੀਆਂ ਫੁਲ ਫੁਲ ਘੁੰਮਦੀਆਂ ਆਪਣੇ ਆਹਰੇ ਲਗ ਜਾਂਦੀਆਂ ਹਨ । ਇਸ ਸੁਹਾਣੇ ਸਮੇਂ ਨੂੰ ਜੀ ਆਇਆਂ ਆਖਣ ਲਈ ਹੀ ਲੋਹੜੀ ਮਨਾਈ ਜਾਂਦੀ ਹੈ।
ਖੁਸ਼ਹਾਲੀ ਨਾਲ ਸਾਡਾ ਰੁਝਾਨ ਨਸ਼ਿਆਂ ਵਲ ਵੀ ਵੱਧਿਆ ਹੈ। ਚੋਣਾ ਦੋਰਾਨ ਮੁਫਤ ਦੀ ਸ਼ਰਾਬ ਨੇ ਚੰਗੇ ਭਲਿਆਂ ਨੂੰ ਨਸ਼ੇੜੀ ਬਣਾ ਦਿਤਾ ਹੈ। ਚੋਣਾ ਨੇ ਭਾਈਚਾਰਕ ਸਾਂਝ ਨੂੰ ਵੀ ਖੋਰਾ ਲਾਇਆ , ਇਕ ਸਾਂਝੀ ਧੂਣੀ ਦੀ ਥਾਂਹ ਹਰ ਧੱੜੇ ਦੀ ਆਪਣੀ ਧੂਣੀ ਧੱੜੇਬਾਜੀ ਦਾ ਨਜ਼ਾਰਾ ਪੇਸ਼ ਕਰਦੀ ਹੈ । ਸ਼ਰਰ ਆਬ ਸ਼ਰਾਰਤ ਦਾ ਪਾਣੀ ਹਲਕ ਦੇ ਥੱਲੇ ਹੁੰਦਿਆਂ ਹੀ ਇਨਕਲਾਬ ਇਨਕਲਾਬ ਕਰ ਉਠਦਾ ਹੈ। ਬੋਲ ਕਬੋਲ ਤੇ ਇਕ ਖੰਘੂਰਾ ਬਸ ਖੂੰਡੇ ਖੜਕਣ ਨੂੰ ਦੇਰ ਨਹੀਂ ਲੱਗਦੀ ਨਾਲੇ ਅਜਕਲ ਤਾਂ ਹਰ ਇਕ ਬੰਦਾ ਟ੍ਰਿਗਰ ਹੈਪੀ ਹੋ ਗਿਆ ਹੈ ਇਕ ਮਾਮੂਲੀ ਅਨਗੈਹਲੀ ਕਾਰਨ ਲੋਹੜੀ ਦੀ ਖੁਸ਼ੀ ਮਨਾਉਣ ਵਾਲੇ ਲੋਹੜਾ ਲੋਹੜਾ ਕਰਨ ਲਈ ਮਜਬੂਰ ਹੋ ਜਾਂਦੇ ਹਨ । ਇਸ ਖਪ ਖਾਨੇ ਤੋਂ ਡਰਦੇ ਕਈ ਅਮਨਪਸੰਦ ਪ੍ਰਿਵਾਰ ਤਾਂ ਆਪਣੇ ਘਰ ਅੰਦਰ ਹੀ ਬੱਠਲ ਵਿਚ ਚਾਰ ਲਕੜਾਂ ਰਖ ਕੇ ਲੋਹੜੀ ਮਨਾਉਣ ਲਗ ਪਏ ਹਨ। ਇਸੇ ਤਰਾਂ ਚਲਦਾ ਰਿਹਾ ਤਾਂ ਡਰ ਹੈ ਕਿ ਇਹ ਖੁਸ਼ੀਆਂ ਖੇੜੇ ਵੰਡਣ ਵਾਲਾ ਸਾਂਝਾ ਤਿਉਹਾਰ ਇਕ ਦਿਨ ਦਮ ਹੀ ਨਾ ਤੋੜ ਜਾਵੇ।
ਅਗਨ ਧੂਣੀ ਦਾ ਨਿਘ ਮਾਣਦਿਆਂ ਰਿਉੜੀਆ ਗੱਚਕ ਖਾਂਦਿਆ ਗੀਤ ਗਾਉਂਦਿਆਂ ਜਦ ਕੋਈ ਆਖਦਾ ਤਾਈ ਅਗਲੀ ਲੋਹੜੀ ਤੇਰੇ ਸਿਰ ਆ ਤਾਂ ਤਾਈ ਵੀ ਖੁਸ਼ ਹੋ ਕੇ ਆਖਦੀ ਨੀ ਧੀਏ ਰੱਬ ਦਿਨ ਦੇਵੇ ਖੁਸ਼ੀ ਖੁਸ਼ੀ ਲੋਹੜੀ ਦੇਵਾਂਗੀ। (ਲੋਹੜੀ ਰਿਧੀ ਤੇ ਮਾਘੀ ਖਾਧੀ ) ਦਾ ਅਖਾਣ ਲੋਹੜੀ ਅਤੇ ਮਾਘੀ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦਾ ਹੈ। ਲੋਹੜੀ ਦੀ ਰਾਤ ਨੂੰ ਸਰਸੋਂ ਦਾ ਸਾਗ ਅਤੇ ਗੱਨੇ ਦੇ ਰਸ’ਚ ਰਿਨ੍ਹੇ ਚੌਲ ਮਾਘੀ ਵਾਲੇ ਦਿਨ ਦੱਹੀਂ ਰਲਾ ਕੇ ਖਾਣ ਦਾ ਅਨੰਦ ਹੀ ਕੁਝ ਹੋਰ ਹੈ।
ਲੋਹੜੀ ਮਨਾ ਕੇ ਲੋਕੀਂ ਤਾਂ ਨਿਘੀਆਂ ਬੁਕਲਾਂ ਵਿਚ ਜਾ ਲੁਕੇ ਪਰ ਧਰਤੀ ਨਿਯਮ ਵਿਚ ਬੱਝੀ ਆਪਣੇ ਰਾਹੇ ਤੁਰਦੀ ਤੁਰਦੀ ਜਦ ਇਕ ਖਿਆਲੀ ਸਥਾਨ ਤੇ ਪੁੱਜੀ ਜਿਥੇ ਸੂਰਜ ਧੰਨ ਰਾਸ਼ੀ ਨੂੰ ਅਲਵਿਦਾ ਆਖ ਮੱਕਰ ਰਾਸ਼ੀ ਵਿਚ ਆ ਦਾਖਲ ਹੋਇਆ ਤਾਂ ਵਿਦਾਵਨਾਂ ਨੇ ਇਸ ਦਿਨ ਨੂੰ ਮੱਕਰ ਸਕਰਾਂਤ ਆਖਿਆ ਜਿਸ ਨੂੰ ਬਿਕ੍ਰਮੀ ਕੈਲੰਡਰ ਮੁਤਾਬਕ ਮਾਘਿ ਮਹੀਨੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ
ਬਿਕ੍ਰਮੀ ਕੈਲੰਡਰ ਅਨੁਸਾਰ ਚੇਤਰ ਜਾਂ ਚੇਤ ਮਹੀਨੇ ਨਾਲ ਸ਼ੁਰੂ ਹੁਇਆ ਨਵਾਂ ਸਾਲ ਫਲਗਣ ਜਾਂ ਫਗਣ ਮਹੀਨੇ ਨਾਲ ਸਮਾਪਤ ਹੋ ਜਾਂਦਾ ਹੈ ਅਤੇ ਮਾਘਿ ਸਾਲ ਦਾ ਗਿਆਰਮਾਂ ਮਹੀਨਾ ਹੈ।
ਸੰਸਾਰ ਨੂੰ ਕੈਲੰਡਰ ਦੀ ਦੇਣ ਪੁਜਾਰੀ ਸ਼ਰੇਣੀ ਦੀ ਹੈ ਜਿਸ ਦਾ ਵੱਜੂਦ ਸੰਸਾਰ ਦੇ ਹਰ ਧਰਮ ਵਿਚ ਹੈ।
ਪਹਿਲਾ ਕੈ਼ਲੰਡਰ ਚੰਦਰਮਾਂ ਦੀ ਲੁਕਣ ਮੀਚੀ ਕਾਰਨ ਬਣਿਆ। ਨ੍ਹੇਰ ਤੇ ਚਾਨਣ ਚੰਦਰਮਾਂ ਦੇ ਦੋ ਪੱਖ ਹਨ।
ਮਸਿਆ ਦੀ ਰਾਤ ਤੋਂ ਬਾਅਦ ਜਦ ਪੱਛਮ ਵਿਚ ਚੰਦਰਮਾਂ ਇਕ ਕਾਤਰ ਰੂਪ ਵਿਚ ਪ੍ਰਗਟ ਹੁੰਦਾ ਹੈ ਤਾਂ ਉਸਨੂ ਸ਼ੁਕਲਾ ਪਖ , ਸੁਦੀ ਜਾਂ ਰਾਧਾ ਪੱਖ ਨਾਲ ਜਾਣਿਆ ਜਾਂਦਾ ਹੈ। ਵਿਦਵਾਨਾ ਦਾ ਕਥਨ ਸੀ ਚੰਦਰਮਾਂ ਦੀ ਵੱਧਦੀ ਰੋਸ਼ਨੀ ਵਾਂਗ ਇਨਸਾਨ ਨੂੰ ਵੀ ਆਪਣੇ ਆਪ ਨੂੰ ਗਿਆਨ ਨਾਲ ਨੂਰੋ ਨੂਰ ਕਰ ਲੈਣਾ ਚਾਹੀਦਾ ਹੈ ਅਤੇ ਚੰਦਰਮਾਂ ਦਾ ਪੂਰਨ ਰੂਪ ਦੇਖ ਕੇ ਪੁਰਾਤਨ ਮਨੁਖ ਨੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਅਰੰਭ ਦਿਤਾ ਜੋ ਅਜ ਤਕ ਚਲਦਾ ਆ ਰਿਹਾ ਹੈ। ਪੁਨਿਆਂ ਤੋਂ ਦੁਸਰੇ ਦਿਨ ਚੰਦਰਮਾਂ ਥੋਹੜੀ ਦੇਰੀ ਨਾਲ ਹਾਜ਼ਰ ਹੁੰਦਾ ਹੈ ਆਮ ਬਜ਼ੁਰਗ ਆਖਿਆ ਕਰਦੇ ਸੀ ਕਿ ਅੱਜ ਚੰਦਰਮਾਂ ਗੋਡੀ ਲਾ ਕੇ ਚੱੜਿਆ ਹੈ ਘੱਟਦਾ ਘੱਟਦਾ ਮਸਿਆ ਦਿ ਰਾਤ ਨੂੰ ਪੂਰਨ ਰੂਪ ਵਿਚ ਅਲੋਪ ਹੋ ਜਾਂਦਾ ਹੈ। ਕਿਸੇ ਨਾਂ ਕਿਸੇ ਢੰਗ ਨਾਲ ਮਸਿਆ ਦੀ ਰਾਤ ਵੀ ਮਨੋਤ ਵਿਚ ਆ ਗਈ। ਇਸ ਪੱਖ ਨੂੰ ਨ੍ਹੇਰ ਪੱਖ, ਵਦੀ ਜਾ ਕ੍ਰਿਸ਼ਨਾ ਪੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਸਮਾਨ ਵਿਚ ਤਾਰਿਆਂ ਦੇ ਝੁੰਡ ਹਨ ਉਹਨਾਂ ਝੁੰਡਾਂ ਨੂੰ ਉਸ ਸਮੇਂ ਦੇ ਵਿਦਵਾਨਾਂ ਨੇ ਕਿਵੇਂ ਦੇਖਿਆ ਜਦ ਕੇ ਉਹਨਾ ਪਾਸ ਕੋਈ ਦੂਰਬੀਨ ਵੀ ਨਹੀਂ ਸੀ ਹੁੰਦੀ ਇਹ ਤਾਂ ਉਹੀ ਜਾਨਣ। ਉਹਨਾਂ ਤਾਰਿਆਂ ਦੇ ਝੁੰਢਾਂ ਨੂੰ ਨਛੱਤਰ ਦਾ ਨਾਮ ਦਿਤਾ ਗਿਆ ਗਿਣਤੀ ਵਿਚ 27 ਨਛੱਤਰ ਹਨ। ਨਾਮ ਹਨ ਅਸ਼ਵਨੀ,ਭਰਨੀ,ਕ੍ਰਿਤਕਾ ,ਰੋਹਨੀ,ਮ੍ਰਿਗਸ਼ਰਾ,ਆਰਦਰਾ,ਪੁਨਰਵਸੂ, ਅਸ਼ਲੇਖਾ, ਮਘਾ,ਪੁਰਬਾ ਫਲਗਣੀ, ਉਤਰਾ ਫਲਗਣੀ,ਹਸਤ,ਚਿਤਰਾ,ਸਵਾਤੀ,ਵਿਸ਼ਾਖਾ, ਅਨੁਰਾਧਾ,ਜੇਸ਼ਨਾ, ਮੂਲਾ, ਪੁਰਬਾ ਅਖਾੜਾ, ਉਤਰਾ ਅਖਾੜਾ, ਅਭਿਜਿਤ ਸ਼ਰਵਨ, ਧਨਿਸ਼ਨਾ, ਪੁਰਬਾ ਭਾਦਰਪਦ,ਉਤਰਾ ਭਾਦਰਪਦ ਅਤੇ ਰੇਵਤੀ। ਕਿਨੇ ਸਮੇਂ ਵਿਚ ਚੰਦਰਮਾ ਇਕ ਨਛੱਤਰ ਦੇ ਘੇਰੇ ਚੋਂ ਦੂਸਰੇ ਦੇ ਘੇਰੇ ਵਿਚ ਚਲਾ ਜਾਂਦਾ ਹੈ ਇਸ ਨੂੰ ਵਿਦਵਾਨਾਂ ਨੇ ਸਮੇਂ ਦੇ ਮਾਪ ਤੋਲ ਲਈ ਵਰਤਿਆ।
ਇਹਨਾਂ 27 ਨਛੱਤਰਾਂ ਵਿਚੋਂ 12 ਨਛੱਤਰਾਂ ਦੇ ਨਾਮਾਂ ਤੇ ਬਿਕ੍ਰਮੀ ਮਹੀਨਿਆਂ ਦੇ ਨਾਮ ਰਖੇ ਗਏ। ਜਿਸ ਨਛੱਤਰ ਵਿਚ ਪੂਰਨ ਚੰਦਰਮਾਂ ਹੁੰਦਾ ਮਹੀਨੇ ਦਾ ਨਾਮ ਉਸੇ ਨਛੱਤਰ ਨਾਲ ਰਖਿਆ ਗਿਆ। ਜਿਮੇਂ ਚਿਤਰਾ ਤੋਂ ਚੇਤਰ, ਵਿਸ਼ਾਖਾ ਤੋਂ ਵਿਸਾਖ ,ਮਘਾ ਤੋਂ ਮਾਘ ਆਦ............
ਕਈ ਸਦੀਆਂ ਬੀਤਨ ਨਾਲ ਜਦ ਰੁਤਾਂ ਅਤੇ ਮਹੀਨਿਆਂ ਦਾ ਸੁਮੇਲ ਨਾ ਰਿਹਾ ਤਾਂ ਸਮੇਂ ਦੇ ਵਿਦਵਾਨ ਸੋਚਣ ਲਈ ਮਜਬੂਰ ਹੋ ਗਏ ਤਾਂ ਪਹਿਲਾਂ ਮਿਸਰ ਵਾਲਿਆਂ ਨੇ ਸੂਰਜੀ ਕੈਲੰਡਰ ਬਣਾਇਆ। ਭਾਰਤ ਵਿਚ ਆ ਵਸੇ ਬ੍ਰਹਿਮੁ ਦਾ ਗਿਆਨ ਰਖਣ ਵਾਲੇ ਮਿਸਰ ਦੇ ਵਿਦਵਾਨ ਹੀ ਬ੍ਰਾਹਮਣ ਹਨ ਭਾਰਤ ਦਾ ਚੰਦਰਮਾਂ-ਸੂਰਜੀ ਬਿਕ੍ਰਮੀ ਕੈਲੰਡਰ ਉਹਨਾ ਦੀ ਹੀ ਦੇਣ ਹੈ ਮਹੀਨਿਆਂ ਦੇ ਨਾਮ ਰਖੇ ਜਾ ਚੁਕੇ ਸਨ ਹੁਣ ਸਮੇਂ ਦੀ ਵੰਡ ਕਿਦਾਂ ਕਰਨੀ ਹੈ ਉਸ ਲਈ ਫੇਰ ਨੀਲੇ ਅਸਮਾਨ ਦਾ ਆਸਰਾ ਲੈਂਦਿਆਂ ਉਹਨਾਂ ਨੇ ਕੁਝ ਹੋਰ ਤਾਰਿਆਂ ਦੇ ਝੁੰਡ ਦੇਖੇ ਜਿਹਨਾਂ ਨੂੰ ਜਦ ਉਹਨਾਂ ਨੇ ਲਾਈਨਾ ਨਾਲ ਜੋੜਿਆ ਤਾਂ ਉਹ ਤਾਰਿਆਂ ਦੇ ਝੁੰਡ ਵਖ ਵਖ ਸ਼ਕਲਾਂ ਅਖ਼ਤਿਆਰ ਕਰ ਗਏ। ਵਿਦਵਾਨਾ ਨੇ ਉਹਨਾਂ ਨੂੰ ਬਾਰਾਂ ਰਾਸ਼ੀਆਂ ਦਾ ਨਾਮ ਦਿਤਾ। ਨਾਮ ਹਨ ਮੇਖ, ਬ੍ਰਿਖ,ਮਿਥਨ, ਕਰਕ , ਸਿੰਘ, ਕੰਨਿਆਂ,ਤੁਲਾ, ਬ੍ਰਿਸਚਕ, ਧਨ ,ਮਕਰ ਕੁੰਭ ਅਤੇ ਮੀਨ।
ਇਹ ਸਾਰੀਆਂ ਰਾਸ਼ੀਆਂ ਕੋਈ 30 ਡਿਗਰੀ ਦੇ ਫਰਕ ਨਾਲ ਅਸਮਾਨ ਤੇ ਉਪੱਸਤੱਥ ਹਨ ਜਦ ਧਰਤ ਸੂਰਜ ਉਦਾਲੇ ਘੜੀ ਦੀ ਪੁਠੀ ਚਾਲ ਵਾਂਗ ਪਰਕ੍ਰਮਾ ਕਰਦੀ ਹੈ ਤਾਂ ਇਹਨਾਂ ਰਾਸ਼ੀਆਂ ਦੇ ਹਦੂਦ ਵਿਚ ਆਉਣ ਨਾਲ
ਸੂਰਜ ਦੀ ਰੌਸ਼ਨੀ ਉਸ ਰਾਸ਼ੀ ਤੇ ਪੈਂਦੀ ਹੋਈ ਧਰਤ ਤੇ ਵੀ ਪੈਂਦੀ ਹੈ ਅਤੇ ਜਦ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਜਿਸ ਨੂੰ ਸੰਸਕ੍ਰਿਤ ਵਿਚ ਸੰਕਰਾਂਤਿ ਕਿਹਾ ਜਾਂਦਾ ਹੈ ਜਿਸ ਦਾ ਪੰਜਾਬੀ ਰੂਪ ਸੰਗਰਾਂਦ ਹੈ। ਧਰਤੀ ਸੂਰਜ ਉਦਾਲੇ ਇਕ ਅੰਡਕਾਰੀ ਪੈੜ ਤੇ ਤੁਰਦੀ ਕੋਈ ਇਕ ਸਾਲ ਵਿਚ ਚੱਕਰ ਪੂਰਾ ਕਰ ਲੈਂਦੀ ਹੈ। ਵਿਦਵਾਨਾ ਨੇ ਧਰਤੀ ਦੇ ਮੱਧ ਵਿਚ ਇਕ ਫਰਜ਼ੀ ਰੇਖਾ ਉਲੀਕੀ ਹੋਈ ਹੈ ਉਸ ਮੱਧ ਰੇਖਾ ਤੋਂ ਉਪਰਲਾ ਹਿਸਾ ਉਤਰੀ ਹਿਸਾ ਹੈ ਅਤੇ ਹੇਠਲਾ ਹਿਸਾ ਦਖਣੀ ਹਿਸਾ ਹੈ। ਉਪਰ ਵਾਲੇ ਹਿਸੇ ਤੇ ਚੱਮਕਦੇ ਸੂਰਜ ਨੂੰ ਉਤਰਾਇਣ ਵਿਚ ਗਿਣਿਆ ਗਿਆ ਹੈ ਅਤੇ ਜਦ ਹੇਠਲੇ ਹਿਸੇ ਚੱਮਕਦਾ ਹੈ ਤਾਂ ਉਸਨੂੰ ਦਖਨਾਇਨ ਕਿਹਾ ਜਾਂਦਾ ਹੈ। ਜਦ ਸੂਰਜ ਦਖਨਾਇਨ ਵਿਚ ਹੁੰਦਾ ਹੈ ਤਾਂ ਧਰਤੀ ਦਾ ਉਤਰੀ ਹਿਸਾ ਜਿਸ ਦੇ ਅਸੀਂ ਵਾਸੀ ਹਾਂ ਸੂਰਜ ਤੋਂ ਵੱਧ ਵਿਥ ਤੇ ਹੋਣ ਕਾਰਨ ਸੂਰਜ ਦੀ ਹਾਜਰੀ ਦਾ ਘਟ ਸਮਾਂ ਹੋਣ ਕਾਰਨ ਛੋਟੇ ਦਿਨ ਅਤੇ ਰਾਤਾਂ ਲਮੀਆਂ ਹੁੰਦੀਆਂ ਹਨ ਸੂਰਜ ਦੀ ਗਰਮੀ ਘਟ ਪੁਜਣ ਕਾਰਨ ਠਰੂਂ ਠਰੂਂ ਕਰਦੀ ਸਰਦੀ ਹੁੰਦੀ ਹੈ ।ਧਰਤੀ ਧਨ ਰਾਸ਼ੀ ਤੋਂ ਗੁਜ਼ਰਦੀ ਹੋਈ ਮਕਰ ਰਾਸ਼ੀ ਵਲ ਵਧਦੀ ਜਾ ਰਹੀ ਹੈ 21 ਦਸੰਬਰ ਤੋਂ ਦਿਨ ਵੱਧਣੇ ਸ਼ੁਰੂ ਹੋ ਜਾਂਦੇ ਹਨ ਸੂਰਜ ਦੀ ਵੱਧਦੀ ਹਾਜ਼ਰੀ ਕਾਰਨ ਦਿਨ ਕੁਝ ਨਿਘੇ ਹੋ ਜਾਂਦੇ ਹਨ ।ਕੋਈ 13 ਜਾਂ 14 ਜਨਵਰੀ ਨੂੰ ਸੂਰਜ ਉਤਰਾਇਣ ਵਿਚ ਮੱਕਰ ਰਾਸ਼ੀ ਵਿਚ ਆ ਜਾਂਦਾ ਹੈ ਤਾਂ ਉਸ ਦਿਨ ਨੂੰ ਮਾਘਿ ਦੀ ਸੰਗਰਾਂਦ ਵਜੋਂ ਜਾਣਿਆ ਜਾਂਦਾ ਹੈ । ਪੋਹ ਮਹੀਨੇ ਵਿਚ ਅੰਤਾਂ ਦੀ ਠੰਡ ਕਾਰਨ ਹਰ ਪਾਸੇ ਸੁੰਨ ਤੇ ਖਾਮੋਸ਼ੀ ਨੂੰ ਦੇਖਦਿਆਂ ਪ੍ਰਾਹੁਣਚਾਰੀ ਦੀ ਖੇਚਲ ਨੂੰ ਮੁਖ ਰਖਦਿਆਂ ਵਿਆਹ ਮੁਕਲਾਵੇ ਨਹੀਂ ਸਨ ਕੀਤੇ ਜਾਂਦੇ । ਠੰਡ ਤਾਂ ਮਾਘਿ ਵਿਚ ਵੀ ਹੁੰਦੀ ਹੈ ਪਰ ਮੋਸਮ ਖੁਲ ਰਿਹਾ ਹੋਣ ਕਾਰਨ ਸੁਤੀ ਹੋਈ ਬਨਸਤਪਤ ਨੂੰ ਉਸਲ-ਵੱਟੇ ਲੈਂਦੀ ਦੇਖ ਕੇ ਇਸ ਮਹੀਨੇ ਨੂੰ ਪਾਵਨ ਪਵਿਤਰ ਮਨਿਆਂ ਜਾਣ ਲਗਾ ਲੜਕੀਆਂ ਦੇ ਵਿਆਹ ਕਰਨਾ ਸ਼ੁਭ ਕਰਮ ਸਮਝਿਆ ਜਾਂਦਾ ਹੈ ਕੰਨਿਆ ਦਾਨ ਨੂੰ ਵਡਾ ਪੁੰਨ ਸਮਝ ਕੇ ਵਿਆਹ ਮੁਕਲਾਵੇ ਮਾਘਿ ਮਹੀਨੇ ਤੋਂ ਮੁੜ ਸ਼ੁਰੂ ਹੋ ਜਾਂਦੇ ਹਨ। ਪਵਿਤਰ ਗਰੰਥ ਗੀਤਾ ਦੇ ਅਠਵੇਂ ਅਧਿਆਏ ਵਿਚ ਵੀ ਸ਼ਿਰੀ ਕ੍ਰਿਸ਼ਨ ਭਗਵਾਨ ਨੇ ਇਸ ਮਹੀਨੇ ਦੀ ਉਸਤਤਿ ਕੀਤੀ ਹੈ । ਮਹਾਂਭਾਰਤ ਵਿਚ ਜ਼ਿਕਰ ਆਉਂਦਾ ਹੈ ਕਿ ਮਾਘਿ ਦੀ ਸੰਗਰਾਂਦ ਨੂੰ ਸਵਰਗ ਦਾ ਦਰਵਾਜ਼ਾ ਖੁਲਦਾ ਹੈ ਇਸੇ ਕਾਰਨ ਭੀਸ਼ਮ ਪਤਾਮਾ ਮਾਘਿ ਦੀ ਸੰਗਰਾਂਦ ਤਕ ਆਪਣੀ ਮੌਤ ਨੂੰ ਰੋਕ ਕੇ ਤੀਰਾਂ ਦਿ ਸੇਜ ਤੇ ਪਿਆ ਰਿਹਾ ਤਾ ਕਿ ਮੌਤ ਤੋਂ ਬਾਅਦ ਸਿਧਾ ਸਵਰਗ ਚਲਿਆ ਜਾਵੇ। ਹਿੰਦੂ ਸ਼ਾਸਤਰਾਂ ਅਨੁਸਾਰ ਪ੍ਰਯਾਗ ਸੱਭ ਤੋਂ ਪਵਿਤਰ ਤੀਰਥ ਅਸਥਾਨ ਹੈ ਅਤੇ ਮਾਘਿ ਦੀ ਸੰਗਰਾਦ ਵਾਲੇ ਦਿਨ ਪ੍ਰਯਾਗ ਤੀਰਥ ਤੇ ਅਸਨਾਨ ਕਰਨ ਦਾ ਬਹੁਤ ਪੁੰਨ ਮੰਨਿਆ ਜਾਂਦਾ ਹੈ । ਵਡੇ ਮੱਨੇ ਜਾਂਦੇ ਧਾਰਮਕ ਅਸਥਾਨ ਪ੍ਰਯਾਗ ਵਿਖੇ ਸਾਧੂ ਮਹਾਤਮਾ ਮਾਘਿ ਦੇ ਮਹੀਨੇ ਸਾਧਨਾ ਕਰਦੇ ਹਨ। ਪੰਚਮ ਪਾਤਸ਼ਾਹ ਨੇ ਵੀ ਬਾਰਾਹਮਾਹਾ ਵਿਚ ਇਨਸਾਨ ਨੂੰ ਸੁਚੱਜਾ ਜੀਵਨ ਬਿਤਾਉਣ ਲਈ ਰਾਹ ਦਿਖਾਇਆ ਹੈ ।
ਮਾਘਿ ਮਜਨੁ ਸਗਿ ਸਾਧੂਆ ਧੂੜੀ ਕਰ ਇਸਨਾਨੁ॥
ਹਰਿ ਕਾ ਨਾਮ ਧਿਆਇ ਸੁਣਿ ਸਭਨਾ ਨੋ ਕਰ ਦਾਨੁ॥
ਜਨਮ ਕਰਮ ਮਲੁ ਉਤਰੇ ਮਨ ਤੇ ਜਾਇ ਗੁਮਾਨੁ॥
ਕਾਮਿ ਕਰੋਧਿ ਨਾ ਮੋਹੀਐ ਬਿਨਸੇ ਲੋਭੁ ਸੁਆਨੁ॥
ਸਚੇ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥
ਅਠਸਠਿ ਤੀਰਥ ਸਗਲ ਪੁੰਨ ਜੀ ਦਇਆ ਪਰਵਾਨੁ॥
ਜਿਸ ਨੂੰ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥
ਮਾਘ ਸੁਚੇ ਸੇ ਕਾਢੀਅਹਿ ਜਿਨ ਪੂਰਾ ਗੁਰੁ ਮੇਹਰਵਾਨੁ ॥
ਭਾਵ ਅਰਥ ਹੈ ।
ਗੁਰੂ ਦੇ ਦਰਸਾਏ ਰਾਹ ਤੇ ਤੁਰਨ ਵਾਲਾ ਦਇਆਵਾਨ ਹੋ ਜਾਂਦਾ ਹੈ ਕਾਮ, ਕ੍ਰੋਧ , ਲੋਭ ਅਤੇ ਅਹੰਕਾਰ ਆਦਕ ਵਿਕਾਰਾਂ ਦਾ ਦੁਬੇਲ ਨਹੀਂ ਬਣਦਾ। ਕਰਤਾ ਦੀ ਸਿਰਜਣਾ ਦਾ ਆਦਰ ਕਰਦਾ ਹੋਇਆ ਨਿਰਸੁਆਰਥ ਸੇਵਾ ਵਿਚ ਜੁਟ ਜਾਂਦਾ ਹੈ ਤਾ ਜਗਤ ਵਿਚ ਉਸਦੀ ਸੋਭਾ ਹੋਣ ਲਗਦੀ ਹੈ । ਹੇ ਨਾਨਕ ! ਜਿਹਨਾ ਨੂੰ ਪਿਆਰਾ ਪ੍ਰਭੂ ਮਿਲ ਗਿਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਸਿਖ ਜੱਗਤ ਵਿਚ ਵੀ ਮਾਘੀ ਦਾ ਵਿਸ਼ੇਸ ਅਸਥਾਨ ਹੈ। ਮਾਘੀ ਵਾਲੇ ਦਿਨ 40 ਮੁਕਤਿਆਂ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਲਖਾਂ ਦੀ ਗਿਣਤੀ ਵਿਚ ਦੇਸ ਪਰਦੇਸ ਤੋਂ ਸਿਖ ਸੰਗਤਾਂ ਮੁਕਤਸਰ ਸਾਹਿਬ ਪੁਜਦੀਆਂ ਹਨ। ਖਿਦਰਾਣੈ ਦੀ ਢਾਬ ਦੀ ਫੈਸਲਾ ਕੁਨ ਲੜਾਈ ਵਿਚ ਨਮੋਸ਼ੀ ਭਰੀ ਹਾਰ ਖਾ ਕੇ ਸੂਬਾ ਸਰਹੰਦ ਮੈਦਾਨ ਛੱਡ ਕੇ ਭੱਜ ਗਿਆ। ਇਹ ਮੇਰਾ ਵੀਹ ਹਜ਼ਾਰੀ ਹੈ ਇਹ ਤੀਹ ਹਜ਼ਾਰੀ ਹੈ ਇਹ ਪੰਜਾਹ ਹਜ਼ਾਰੀ ਹੈ ਦੇ ਸਨਮਾਨ ਬਖਸ਼ਦੇ ਹੋਏ ਗੁਰੂ ਮਹਾਰਾਜ ਬੁਰੀ ਤਰਾਂ ਘਾਇਲ ਹੋਏ ਮਹਾਂ ਸਿੰਘ ਪਾਸ ਪੁਜਦੇ ਹਨ । ਮਹਾਂ ਸਿੰਘ ਦਾ ਚੇਹਰਾ ਮਿਟੀ ਨਾਲ ਲਥ ਪਥ ਹੈ ਜ਼ੱਖਮਾ ਚੋਂ ਖੂਨ ਵਗ ਰਿਹਾ ਹੈ , ਅਖਾਂ ਮੀਟੀਆਂ ਹੋਈਆਂ ਹਨ ਖਿਚਵੇਂ ਸਵਾਸ ਆ ਰਹੇ ਹਨ ਜਿਵੇਂ ਕੁਝ ਹੀ ਪਲਾਂ ਦਾ ਪਰਾਹੁਣਾ ਹੋਵੇ। ਗੁਰੂ ਮਹਾਰਾਜ ਨੇ ਮਹਾਂ ਸਿੰਘ ਦੇ ਪਾਸ ਬਹਿੰਦਿਆਂ ਉਸ ਦਾ ਸਿਰ ਆਪਣੀ ਗੋਦ ਵਿਚ ਲੈ ਕੇ ਰੋਮਾਲ ਨਾਲ ਉਸਦਾ ਚੇਹਰਾ ਸਾਫ ਕਰਦਿਆਂ ਆਵਾਜ਼ ਦਿਤੀ ਮਹਾਂ ਸਿੰਘ ! ਮਹਾਂ ਸਿੰਘ ਨੇ ਮੁਸ਼ਕਲ ਨਾਲ ਅਖਾਂ ਖੋਹਲੀਆਂ ਗੂਰੂ ਜੀ ਨਾਲ ਅਖਾਂ ਰਲੀਆਂ ਮਹਾਂ ਸਿੰਘ ਦੀਆਂ ਅਖਾਂ ਵਿਚ ਪਛਤਾਵੇ ਦਾ ਤਰਲਾ ਸੀ ਗੁਰੂ ਮਹਾਰਾਜ ਦੀਆਂ ਅਖਾਂ ਬਖਸ਼ਸ਼ਾਂ ਦੀ ਬਰਸਾਤ ਕਰ ਰਹੀਆਂ ਸਨ। ਗੁਰੂ ਮਹਾਰਾਜ ਮਹਾਂ ਸਿੰਘ ਨੂੰ ਧਰਵਾਸ ਦਿੰਦੇ ਹੋਏ ਆਖਦੇ ਹਨ। ਮਹਾਂ ਸਿੰਘ ਮੰਗ ਕੀ ਮੰਗਦਾ ਹੈਂ ਤਾਂ ਮਹਾ ਸਿੰਘ ਨੇ ਤਰਲੇ ਭਰੀ ਆਵਾਜ਼ ਵਿਚ ਬੇਨਤੀ ਕੀਤੀ ਮਹਾਰਾਜ ਭੁਲਿਆਂ ਨੂੰ ਗਲ ਲਾ ਲਓ ਬੇਦਾਵੇ ਵਾਲਾ ਕਾਗਜ਼ ਪਾੜ ਦਿਓ। ਜਾਣੀ ਜਾਣ ਸਤੁਗੁਰਾਂ ਨੂੰ ਵਿਸ਼ਵਾਸ ਸੀ ਕਿ ਉਸ ਦੇ ਸਿਖ ਇਕ ਦਿਨ ਵਾਪਸ ਆਉਂਣਗੇ। ਉਹਨਾਂ ਨੇ ਕਮਰਕੱਸੇ ਵਿਚੋਂ ਕੱਢ ਕੇ ਵਿਦਾਵਾ ਫਾੜਦਿਆਂ ਹੋਇਆਂ ਫੁਰਮਾਇਆ ਮਹਾਂ ਸਿੰਘ ਤੁਸੀਂ ਜੀਵਨ ਦੀ ਆਹੂਤੀ ਦੇ ਕੇ ਗੁਰੂ ਨਾਲ ਟੁਟੀ ਗੰਢੀ ਹੈ ਤੁਸੀਂ ਮੁਕਤ ਹੋਏ ਹੋ ਅਜ ਤੋਂ ਇਸ ਸਥਾਨ ਦਾ ਨਾਮ ਮੁਕਤਸਰ ਹੋਵਿਗਾ।
ਖਿਦਰਾਣੈ ਦੀ ਜੰਗ ਮਈ ਵਿਚ ਦੱਸੀ ਜਾਂਦੀ ਹੈ । ਉਸ ਸਮੇਂ ਬੀਆਬਾਨ ਇਲਾਕੇ ਵਿਚ ਉਡਦੀ ਰੇਤ ਅਤੇ ਗਰਮੀ ਨੂੰ ਮੁਖ ਰਖਦਿਆਂ ਸ਼ਰਧਾਵਾਨ ਯਾਤਰੂਆਂ ਦੀ ਸੁਬਿਦਾ ਨੂੰ ਮੁਖ ਰਖਦਿਆਂ ਮੁਕਤਿਆਂ ਦੀ ਯਾਦ ਮਨਾਉਣ ਲਈ ਮਾਘੀ ਦੇ ਦਿਨ ਦੀ ਚੋਣ ਕੀਤੀ ਗਈ ਬੜੀ ਚੰਗੀ ਸੋਚ ਸੀ ।
ਅਜ ਮੁਕਤਸਰ ਦੀ ਮਾਘੀ ਤੇ ਬੜੀਆਂ ਰੌਣਕਾ ਲਗਦੀਆਂ ਹਨ ਸਿਆਸੀ ਪਾਰਟੀਆਂ ਗੰਦੀ ਭਾਸ਼ਾ ਵਿਚ ਇਕ ਦੂਸਰੇ ਤੇ ਚਿਕੜ ਸੁਟਦੀਆਂ ਮੁਕਤਿਆਂ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਸਿਖ ਫਿਲੋਸਫੀ ਨੂੰ ਵਿਦਾਵਾ ਦੇ ਰਹੀਆਂ ਹਨ ਅਤੇ ਦੁਖ ਇਸ ਗੱਲ ਦਾ ਹੈ ਕਿ ਕਿਸੇ ਨੂੰ ਕੋਈ ਪਛਤਾਵਾ ਨਹੀਂ। ਖੁਲੇ ਆਮ ਬਾਣੀ ਦਾ ਵਿਉਪਾਰ ਹੋ ਰਿਹਾ ਹੈ। ਅਖੰਡਪਾਠਾਂ ਦੀਆਂ ਲੜੀਆਂ ਚਲਦੀਆਂ ਹਨ ਇਕੋ ਸਥਾਂਨ ਤੇ ਪੰਦਰਾਂ ਵੀਹ ਅਖੰਡ ਪਾਠ ਖੁਲੇ ਹੋਏ ਹਨ । ਅਖੰਡਪਾਠ ਤੇ ਰਾਮਪੁਰੀ ਵਲੋਂ ਦਿਤੀ ਦਲੀਲ ਠੀਕ ਪਰਤੀਤ ਹੁੰਦੀ ਹੈ ( ਘਰ ਵਾਲੇ ਸੁਤੇ ਪਏ ਪਾਠੀ ਕਰਦੇ ਪਾਠ ਕੰਧਾ ਪਈਆਂ ਸੁਣਦੀਆਂ ਦੇਖੋ ਧਰਮ ਦੇ ਠਾਠ)ਅੱਜ ਦਾ ਸਿਖ ਬ੍ਰਾਹਮਣ ਵਾਦ ਨੂੰ ਕਿਤੇ ਪਿਛੇ ਛੱਡ ਆਇਆ ਹੈ। ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਗਾਲੀ ਗਲੋਚ ,ਧਕਾ ਮੁਕੀ ਤੋਂ ਵੱਧਦੀ ਵੱਧਦੀ ਕਈ ਵੇਰ ਗੁਰੂ ਦੀ ਹਜ਼ੂਰੀ ਵਿਚ ਰੱਖੇ ਹਥਿਆਰਾਂ ਦੀ ਵਰਤੋਂ ਵੀ ਹੋਣ ਲੱਗ ਜਾਂਦੀ ਹੈ। ਫੇਰ ਅਦਾਲਤਾਂ ਅਤੇ ਵਕੀਲਾਂ ਦੇ ਹੱਥ ਆਪਣੀ ਦਾਹੜੀ ਫੜਾ ਕੇ ਬੇਨਤੀ ਕਰਦੇ ਹਾਂ ਝਟਕਾ ਜ਼ਰਾ ਹਲਕਾ ਦੇਣਾ ਸਰਕਾਰ।
ਪੰਜਾਬੀ ਦੀ ਇਕ ਕਹਾਵਤ ਹੈ ਬਹੁ ਪੁਤੀਂ ਬਹੁ ਮੇਹਣਾ ਬਹੁਤਾ ਮੀਂਹ ਪਵੇ ਫੱਲ ਥੋਹੜਾ ਸਾਡੇ ਤੇ ਇਨ ਬਿਨ ਢੁਕਦਾ ਹੈ । ਮੈਂ ਕਿਹਾ ਦਾ ਬੋਲ ਬਾਲਾ ਹੋਣ ਕਾਰਨ ਨਿਤ ਨਵੇਂ ਸੂਰਜ ਨਵੇਂ ਗਰੁਪ ਜਨਮ ਲੈਂਦੇ ਹਨ। ਬਿਆਨ ਬਾਜੀ ਦਾ ਜ਼ੋਰ ਹੈ ਪ੍ਰਾਪਤੀ ਕੁਝ ਵੀ ਨਹੀਂ। ਕਦ ਮੋੜ ਪਾਵਾਂ ਗੇ ਕੁਝ ਪਤਾ ਨਹੀਂ । ਮਾਘੀ ਦੀ ਸੰਗਰਾਂਦ ਤੇ ਗੁਰੂ ਮਹਾਰਾਜ ਵਲੋਂ ਦਿਤੇ ਸੰਦੇਸ਼ ਨੂੰ ਸੰਜੀਦਗੀ ਨਾਲ ਅਪਨਾਉਣ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ ਹੈ।