ਖ਼ਬਰਸਾਰ

  •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
  •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
  • ਪਾਕਿਸਤਾਨ ਯਾਤਰਾ - ਆਖਰੀ ਕਿਸ਼ਤ (ਸਫ਼ਰਨਾਮਾ )

    ਬਲਬੀਰ ਮੋਮੀ   

    Email: momi.balbir@yahoo.ca
    Phone: +1 905 455 3229
    Cell: +1 416 949 0706
    Address: 9026 Credit View Road
    Brampton L6X 0E3 Ontario Canada
    ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅਲਵਿਦਾ ਪਾਕਿਸਤਾਨ
    ਲਾਹੌਰ ਸ਼ਹਿਰ ਦੇ ਗੁਲਬਰਗ ਇਲਾਕੇ ਵਿਚ 50 ਸਾਲ ਪੁਰਾਣੇ ਦੋਸਤ ਚੌਧਰੀ ਮੁਹਮੱਦ ਨਵਵਾਜ਼ ਦੇ ਘਰ ਵਿਚ ਬੀਤੀ ਮੇਰੀ ਆਖਰੀ ਰਾਤ ਦੀ ਸਵੇਰ ਚੜ੍ਹ ਗਈ ਸੀ। ਭਾਵੇਂ ਮੇਰੇ ਕੋਲ ਪਾਕਿਸਤਾਨ ਵਿਚ ਠਹਿਰਣ ਦਾ 3 ਮਹੀਨਿਆਂ ਦਾ ਓਪਨ ਵੀਜ਼ਾ ਸੀ ਤੇ ਮੈਂ ਸ਼ੇਖ ਫਰੀਦ ਦੇ ਮਜ਼ਾਰ ਅਤੇ ਗੁਰਦਵਾਰਾ ਕਰਤਾਰਪੁਰ ਵੀ ਜਾਣਾ ਚਹੁੰਦਾ ਸਾਂ ਪਰ ਮਨ ਕੁਝ ਅੱਕ ਚੁਕਾ ਸੀ ਅਤੇ ਹਿੰਦੋਸਤਾਨ ਜਾਣ ਲਈ ਕਾਹਲਾ ਪੈ ਰਿਹਾ ਸੀ। ਮੁਨੀਰ ਨੇ ਮੇਰਾ ਸਾਰਾ ਸਾਮਾਨ ਬੜੇ ਵਧੀਆ ਤਰੀਕੇ ਨਾਲ ਪੈਕ ਕਰ ਦਿਤਾ ਸੀ। ਬਹੁਤ ਸਾਰੀਆਂ ਭਾਰੀਆਂ ਕਿਤਾਬਾਂ ਜੋ ਬੜੀਆਂ ਨਾਯਾਬ ਸਨ, ਵਜ਼ਨ ਜ਼ਿਆਦਾ ਹੋਣ ਕਾਰਨ ਮੈਂ ਨਾਲ ਨਹੀਂ ਲਿਜਾ ਸਕਦਾ ਸਾਂ। ਮੈਂ ਉਹ ਸਾਰੀਆਂ ਕਿਤਾਬਾਂ ਮੁਨੀਰ ਨੂੰ ਦੇ ਦਿਤੀਆਂ ਅਤੇ ਕਿਹਾ ਕਿ ਇਹ ਕਿਤਾਬਾਂ ਸਾਂਝ ਪਬਲਿਸ਼ਰ ਦੇ ਅਮਜਦ ਸਲੀਮ ਹੁਰਾਂ ਕੋਲ ਪੁਚਾ ਦੇਣੀਆਂ। ਕੁਝ ਕਪੜੇ ਅਤੇ ਇਕ ਵਾਧੂ ਡਿਜੀਟਲ ਕੈਮਰਾ ਵੀ ਮੁਨੀਰ ਨੂੰ ਭੇਟਾ ਕਰ ਦਿਤਾ। ਮੁਨੀਰ ਨੇ ਮੇਰੀ ਬੜੀ ਖਿਦਮਤ ਕੀਤੀ ਸੀ ਜੋ ਮੈਂ ਕਦੇ ਭੁੱਲ ਨਹੀਂ ਸਾਂ ਸਕਦਾ। ਸਵੇਰੇ ਮੁਨੀਰ ਚਾਹ ਦੇ ਦੋ ਪਿਆਲੇ ਲੈ ਆਇਆ। ਉਹ ਮੇਰੀ ਆਦਤ ਨੂੰ ਸਮਝ ਗਿਆ ਸੀ ਕਿ ਜਿੰਨਾ ਚਿਰ ਮੈਂ ਦੋ ਕੱਪ ਚਾਹ ਦੇ ਨਾ ਪੀਵਾਂ, ਸੋਮਲ ਨਹੀਂ ਹੋ ਸਕਦਾ। ਵਾਸ਼ਰੂਮ ਵਿਚ ਜਾ ਕੇ ਨਹਾਉਣ ਧੋਣ ਤੋਂ ਬਾਅਦ ਮੈਂ ਸਾਰਾ ਸਾਮਾਨ ਚੈੱਕ ਕੀਤਾ ਅਤੇ ਮੁਨੀਰ ਨੂੰ ਕਿਹਾ ਕਿ ਇਕ ਤਾਂ ਕਵਾਟਰਾਂ ਵਿਚ ਰਹਿੰਦੇ ਸਟਾਫ ਅਤੇ ਉਹਨਾਂ ਦੇ ਬਚਿਆਂ ਨੂੰ ਬੁਲਾਓ, ਖਾਸ ਤੌਰ ਤੇ ਚੌਕੀਦਾਰ ਦੇ ਭੋਲੇ ਭਾਲੇ ਤੇ ਗੋਲ ਮਟੋਲ ਮੁੰਡੇ ਹੈਦਰ ਅਲੀ ਨੂੰ ਤੇ ਫਿਰ ਸਾਮਾਨ ਥਲੇ ਚੌਧਰੀ ਸਾਹਿਬ ਦੇ ਦਫਤਰ ਵਿਚ ਲੈ ਚਲੋ। ਬਰੇਕਫਾਸਟ ਵੀ ਥਲੇ ਹੀ ਕਰਾਂਗੇ। ਮੇਰਾ ਖਿਆਲ ਸੀ ਕਿ ਅਸੀਂ 10 ਵਜੇ ਦੇ ਕਰੀਬ ਵਾਘਾ ਬਾਰਡਰ ਨੂੰ ਚੱਲ ਪਵਾਂਗੇ ਪਰ ਜਿੰਨਾ ਚਿਰ ਤਕ ਚੌਧਰੀ ਮੁਹੰਮਦ ਨਵਾਜ਼ ਸਾਹਿਬ ਪਿੰਡੋਂ ਨਹੀਂ ਆਉਂਦੇ ਸਨ, ਮੈਂ ਜਾ ਨਹੀਂ ਸਕਦਾ ਸਾਂ ਕਿਉਂਕਿ ਮੁਨੀਰ ਵਾਲੀ ਛੋਟੀ ਗੱਡੀ ਵਿਚ ਮੇਰਾ ਸਾਮਾਨ ਨਹੀਂ ਜਾ ਸਕਦਾ ਸੀ ਅਤੇ ਨਾ ਹੀ ਮੈਂ ਨਵਾਜ਼ ਨੂੰ ਆਖਰੀ ਵਾਰ ਮਿਲੇ ਬਿਨਾ ਜਾ ਸਕਦਾ ਸਾਂ। ਮੁਨੀਰ ਥਲੇ ਜਾ ਕੇ ਹੈਦਰ ਅਲੀ ਦੇ ਮਾਂ ਬਾਪ ਅਤੇ ਬਾਕੀ ਬਚਿਆਂ ਨੂੰ ਉਪਰ ਮੇਰੇ ਕਮਰੇ ਵਿਚ ਲੈ ਆਇਆ ਤੇ ਮੈਂ ਦਰਜਾ ਬਦਰਜਾ ਮੇਰੀ ਖਿਦਮਤ ਕਰਨ ਵਾਲੇ ਇਸ ਸਾਰੇ ਪਰਵਾਰ ਨੂੰ ਕੁਝ ਕਪੜੇ ਅਤੇ ਸਭ ਨੂੰ ਦੋ ਦੋ ਸੌ ਰੁਪੈ ਦੇ ਦਿਤੇ ਜੋ ਉਹ ਲੈ ਨਹੀਂ ਰਹੇ ਸਨ। ਭਰੀਆਂ ਅੱਖਾਂ ਨਾਲ ਕਹਿਣ ਲੱਗੇ, "ਸਰਦਾਰ ਸਾਹਿਬ ਫਿਰ ਵੀ ਪਾਕਿਸਤਾਨ ਆਣਾ। ਅਸੀਂ ਤੁਹਾਨੂੰ ਯਾਦ ਕਰਦੇ ਰਹਾਂਗੇ"। ਦਸ ਬਾਰਾਂ ਸਾਲਾਂ ਦਾ ਕਾਕਾ ਹੈਦਰ ਅਲੀ ਤਾਂ ਮੇਰੇ ਨਾਲ ਲਿਪਟ ਗਿਆ। ਉਹ ਰੋਜ਼ ਮੇਰੇ ਕਮਰੇ ਵਿਚ ਆ ਕੇ ਮੈਨੂੰ ਪੁਛਦਾ ਰਿਹਾ ਸੀ ਸਰਦਾਰ ਜੀ ਕੋਈ ਖਿਦਮਤ ਹੋਵੇ ਤਾਂ ਦੱਸੋ। ਮੈਂ ਰੋਜ਼ ਉਸ ਨੂੰ ਦਸ ਵੀਹ ਰੁਪੈ ਦੇਣ ਦੀ ਕੋਸ਼ਿਸ਼ ਕਰਦਾ ਪਰ ਉਹ ਗਰੀਬ ਹੋਣ ਦੇ ਬਾਵਜੂਦ ਵੀ ਨਾ ਲੈਂਦਾ। ਮੁਨੀਰ ਨੂੰ ਕਪੜੇ ਅਤੇ ਇਕ ਕੈਮਰਾ ਮੈਂ ਪਹਿਲਾਂ ਹੀ ਦੇ ਦਿਤਾ ਸੀ। ਉਹਦੀ ਖਿਦਮਤ ਦੇ ਪੈਸੇ ਨਵਾਜ਼ ਦੇ ਆਉਣ ਤੇ ਦੇਣਾ ਚਹੁੰਦਾ ਸਾਂ। ਮੁਨੀਰ ਕਹਿਣ ਲੱਗਾ ਕਿ ਚੌਧਰੀ ਸਾਹਿਬ ਨੇ ਲੇਟ ਹੋ ਜਾਣਾ ਹੈ। ਤੁਸੀਂ ਬਰੇਕਫਾਸਟ ਉਪਰ ਹੀ ਕਰ ਲਵੋ। ਦਸ ਵਜੇ ਤੋਂ ਬਾਅਦ ਸਾਮਾਨ ਥਲੇ ਲੈ ਚਲਾਂਗੇ। ਉਹੀ ਗੱਲ ਹੋਈ ਕਿ ਚੌਧਰੀ ਸਾਹਿਬ ਕਾਫੀ ਲੇਟ ਹੋ ਗਏ ਅਤੇ ਉਹਨਾਂ ਨੂੰ ਕਿਸੇ ਨੇ ਜ਼ਰੂਰੀ ਮਿਲਣ ਆਣਾ ਸੀ ਜਿਸ ਕਾਰਨ ਉਹ ਮੈਨੂੰ ਬਾਰਡਰ ਤੇ ਛਡਣ ਨਹੀਂ ਜਾ ਸਕਦੇ ਸਨ। ਉਹਨਾਂ ਆਪਣੀ ਵਡੀ ਗੱਡੀ ਮੁਨੀਰ ਨੁੰ ਦੇ ਦਿਤੀ ਅਤੇ ਮੁਨੀਰ ਅਤੇ ਬਾਕੀਆਂ ਨੇ ਮੇਰਾ ਸਮਾਨ ਵਡੀ ਗਡੀ ਵਿਚ ਰਖ ਦਿਤਾ। ਤੁਰਨ ਲਗਿਆਂ ਮੈਂ ਮੁਨੀਰ ਨੂੰ ਦੋ ਹਜ਼ਾਰ ਪਾਕਿਸਤਾਨੀ ਰੁਪੈ ਅਤੇ 20 ਡਾਲਰ ਕੈਨੇਡੀਅਨ ਦੇ ਦਿਤੇ। ਉਹ ਲੈ ਨਹੀਂ ਰਿਹਾ ਸੀ ਪਰ ਚੌਧਰੀ ਸਾਹਿਬ ਤੇ ਕਹਿਣ ਤੇ ਲੈ ਲਏ। ਕਹਿਣ ਲੱਗਾ ਤੁਹਾਡੀ ਇਹ ਪਿਆਰ ਨਸ਼ਾਨੀ ਮੈਂ ਸਦਾ ਆਪਣੇ ਕੋਲ ਰੱਖਾਂਗਾ। 50 ਸਾਲਾਂ ਬਾਅਦ ਮਿਲੇ ਮੈਂ ਤੇ ਨਵਾਜ਼ ਨਮ ਅੱਖਾਂ ਤੇ ਭਾਰੇ ਬੋਲਾਂ ਨਾਲ ਬਗਲਗੀਰ ਹੋ ਕੇ ਇਕ ਦੂਜੇ ਤੋਂ ਜੁਦਾ ਹੋਏ।  ਅਤੇ ਚੌਧਰੀ ਸਾਹਿਬ ਦੀ ਗੱਡੀ ਬਾਰਡਰ ਵੱਲ ਦੌੜ ਰਹੀ ਸੀ। ਮੈਂ ਲਾਹੌਰ ਸ਼ਹਿਰ ਨੂੰ ਆਖਰੀ ਵਾਰ ਸੱਧਰਾਂ ਭਰੀਆਂ ਨਜ਼ਰਾਂ ਨਾਲ ਤਕ ਰਿਹਾ ਸਾਂ। ਹੋ ਸਕਦਾ ਸੀ ਇਹ ਮੇਰੀ ਪਾਕਿਸਤਾਨ ਦੀ ਆਖਰੀ ਫੇਰੀ ਹੋਵੇ ਜਿਸ ਦੀਆਂ ਯਾਦਾਂ ਮੇਰੇ ਦਿਮਾਗ ਵਿਚੋਂ ਜਾਂਦੀਆਂ ਨਹੀਂ ਸਨ। ਵੰਡ ਤੋਂ ਪਹਿਲਾਂ ਦਾ ਜ਼ਿਲਾ ਸ਼ੇਖੂਪੁਰਾ ਦਾ ਆਪਣਾ ਪਿੰਡ 'ਨਵਾਂ ਪਿੰਡ' ਚੱਕ ਨੰਬਰ 78 ਜਿਥੇ ਮੇਰਾ ਜਨਮ ਹੋਇਆ ਸੀ। ਪਿੰਡ ਦਾ ਖਾਲਸਾ  ਹਾਈ ਸਕੂਲ ਜਿਥੇ ਮੁਢਲੀ ਵਿਦਿਆ ਪ੍ਰਾਪਤ ਕੀਤੀ ਸੀ। ਪਿੰਡ ਦੀਆਂ ਗਲੀਆਂ, ਛੱਪੜ, ਬਾਗ, ਨਹਿਰਾਂ, ਮੁਰੱਬੇ, ਖਾਲਾਂ ਦੇ ਕੰਢਿਆਂ ਤੇ ਲਾਏ ਸੈਂਕੜੇ ਅੰਬਾਂ ਦੇ ਦਰਖਤ, ਪਿੰਡ ਦਾ ਗੁਰਦਵਾਰਾ, ਪਿੰਡ ਦੇ ਚੌਕ ਵਿਚ ਸਾਡਾ ਖੁਲ੍ਹਾ ਡੁਲ੍ਹਾ ਘਰ, ਚੌਕ ਵਿਚ ਲੱਗਾ ਖੂਹ, ਬੋਹੜ ਤੇ ਪਿੱਪਲ ਦੇ ਪੁਰਾਣੇ ਰੁੱਖ ਜਿਨ੍ਹਾਂ ਹੇਠ ਪਰ੍ਹੇ ਦੇ ਬੈਠਣ ਲਈ ਤਖਤਪੋਸ਼ ਪਏ ਹੁੰਦੇ। ਲਾਗਲੇ ਘਰਾਂ ਦੇ ਲੋਕ ਵੀ ਗਰਮੀਆਂ ਦਾ ਦੁਪਹਿਰਾ ਇਹਨਾਂ ਰੁੱਖਾਂ ਦੀ ਛਾਂ ਥੱਲੇ ਕਟਦੇ।  
    ਆਪਣੇ ਰਿਸ਼ਤੇਦਾਰ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੂੰ ਮੈਂ ਲਾਹੌਰ ਤੋਂ ਹੀ ਫੋਨ ਕਰ ਦਿਤਾ ਸੀ ਕਿ ਵਾਘਾ ਬਾਰਡਰ ਤੇ ਮੈਨੂੰ ਲੈਣ ਲਈ ਆ ਜਾਣ। 


    ਵਾਘਾ ਬਾਰਡਰ ਤੇ ਪਾਕਿਸਤਾਨ ਵਾਲੇ ਪਾਸੇ ਬਹੁਤ ਨਿਘੇ ਤੇ ਸੇਵਾਦਾਰ ਡਰਾਈਵਰ ਮੁਨੀਰ ਨਾਲ ਆਖਰੀ ਤਸਵੀਰ

    ਬਾਰਡਰ ਤੇ ਪਹੁੰਚ ਕੇ ਪਾਕਿਸਤਾਨ ਵਾਲੇ ਪਾਸੇ ਮੈਂ ਮੁਨੀਰ ਨਾਲ ਆਖਰੀ ਫੋਟੋ ਖਿਚਵਾਈ ਤੇ ਕੁਲੀ ਮੇਰਾ ਸਾਮਾਨ ਚੁਕ ਕੇ ਇਮੀਗਰੇਸ਼ਨ ਅਫਸਰ ਤਕ ਲੈ ਆਏ। ਜੁਦਾ ਹੋਣ ਵੇਲੇ ਮੁਨੀਰ ਅੱਖਾਂ ਭਰ ਆਇਆ ਸੀ। ਇਮੀਗਰੇਸ਼ਨ ਅਫਸਰ ਨੇ ਲੋੜੀਂਦੀ ਕਾਰਵਾਈ ਕੀਤੀ ਅਤੇ ਪਾਕਿਸਤਾਨੀ ਕੁਲੀਆਂ ਨੇ 'ਨੋ ਮੈਨ ਲੈਂਡ' ਤੇ ਮੇਰਾ ਸਾਮਾਨ ਭਾਰਤੀ ਕੁਲੀਆਂ ਦੇ ਹਵਾਲੇ ਕਰ ਦਿਤਾ। ਕਸਟਮ ਸੁਪਰਡੰਟ ਹਰਪਾਲ ਸਿੰਘ ਬੜੇ ਸਲੀਕੇ ਨਾਲ ਮਿਲਿਆ ਅਤੇ ਮੇਰੇ ਗਲ ਵਿਚ ਪਏ ਆਈ ਡੀ ਕਾਰਡ ਨੂੰ ਵੇਖ ਕੇ ਸੂਫੀਇਜ਼ਮ ਵਿਚ ਬੜੀ ਦਿਲਚਸਪੀ ਵਿਖਾਈ। ਚਾਹ ਪੀ ਕੇ ਜਾਣ ਲਈ ਇਸਰਾਰ ਕੀਤਾ। ਭਾਰਤੀ ਇਮੀਗਰੇਸ਼ਨ ਅਤੇ ਕਸਟਮ ਤੋਂ ਵਿਹਲੇ ਹੋ ਕੇ ਮੈਂ ਡਿਊਟੀ ਫਰੀ ਤੋਂ ਕੁਝ ਸਕਾਚ ਦੀਆਂ ਬੋਤਲਾਂ ਖਰੀਦੀਆਂ ਅਤੇ ਅਗਲੇ ਅਧੇ ਘੰਟੇ ਵਿਚ ਮੈਂ ਆਪਣੇ ਦਾਮਾਦ ਦਰਸ਼ਨ ਦੇ ਛੋਟੇ ਭਰਾ ਅਮਰਦੀਪ ਦੀ ਕਾਰ ਵਿਚ ਬੈਠ ਕੇ 4 ਜੀ ਟੀ ਰੋਡ ਅਮ੍ਰਿਤਸਰ ਪਹੁੰਚ ਗਿਆ। ਭੁਪਿੰਦਰ ਸੰਧੂ ਵੀ ਜੋ ਮੈਨੂੰ ਬਾਰਡਰ ਤੇ ਲੈਣ ਆ ਰਿਹਾ ਸੀ, ਨੂੰ ਮੈਂ ਫੋਨ ਕਰ ਕੇ ਆਉਣ ਤੋਂ ਮਨ੍ਹਾ ਕਰ ਦਿਤਾ ਸੀ ਤੇ ਸ਼ਾਮ ਨੂੰ ਮਿਲਣ ਲਈ ਕਹਿ ਦਿਤਾ ਸੀ। ਅੰਮ੍ਰਿਤਸਰ ਯੂਨੀਵਰਸਿਟੀ ਅਗੋਂ ਲੰਘਦਿਆਂ ਜਿਥੇ ਕਦੀ ਮੈਂ ਕੰਮ ਕਰਦਾ ਰਿਹਾ ਸਾਂ, ਦਿਲ ਵਿਚ ਰੁੱਗ ਜਿਹਾ ਭਰਿਆ ਗਿਆ ਤੇ ਖਾਲਸਾ ਕਾਲਜ ਅੰਮ੍ਰਿਤਸਰ ਅਗੋਂ ਲੰਘਦਿਆਂ ਲੱਗ ਰਿਹਾ ਸੀ ਕਿ ਅੰਮ੍ਰਿਤਸਰ ਵੀ ਲਾਹੌਰ ਨਾਲੋਂ ਘੱਟ ਨਹੀਂ ਸੀ। 

    ਵਾਘਾ ਬਾਰਡਰ ਤੇ ਮਿਲਿਆ ਕਸਟਮ ਸੁਪਰਡੰਟ ਹਰਪਾਲ ਸਿੰਘ ਸੂਫੀਇਜ਼ਮ ਵਿਚ ਕਾਫੀ ਦਿਲਚਸਪੀ ਰਖਦਾ ਸੀ। ਇਸ ਤੋਂ ਇਲਾਵਾ ਵਧੀਆ ਗੱਲ ਇਹ ਹੋਈ ਕਿ ਉਹ ਕੈਨੇਡਾ ਦੇ ਪ੍ਰਸਿਧ ਸਿੱਖ ਨੇਤਾ ਇੰਦਰਜੀਤ ਸਿੰਘ ਬਲ ਦਾ ਦੋਸਤ ਨਿਕਲ ਆਇਆ। ਇੰਦਰਜੀਤ ਸਿੰਘ ਬਲ ਬਾਰੇ ਪਤਾ ਲੱਗਾ ਕਿ ਉਹ ਪੰਜਾਬ ਦੀ ਮੇਨ ਸਟਰੀਮ ਵਿਚ ਪੂਰੇ ਜਲੌ ਨਾਲ ਕੁੱਦ ਚੁਕਾ ਸੀ। ਇੰਦਰਜੀਤ ਬਲ ਦਾ ਇੰਡੀਆ ਦਾ ਮੋਬਾਈਲ ਫੋਨ ਨੰਬਰ ਮੇਰੇ ਕੋਲ ਨਹੀਂ ਸੀ। ਕਸਟਮ ਸੁਪਰਡੰਟ ਨੇ ਉਸਦਾ ਫੋਨ ਨੰਬਰ ਵੀ ਦੇ ਦਿਤਾ ਅਤੇ ਉਸ ਨਾਲ ਗੱਲ ਵੀ ਕਰਵਾ ਦਿਤੀ। ਉਸ ਨੇ 8 ਅਪ੍ਰੈਲ ਨੂੰ ਕੈਨੇਡਾ ਮੁੜ ਜਾਣਾ ਸੀ ਅਤੇ ਢਿਲਵਾਂ ਬੱਸ ਸਟੈਂਡ ਤੋਂ ਦੋ ਮੀਲ ਦੀ ਦੂਰੀ ਤੇ ਪੈਂਦੇ ਇਕ ਪੈਟਰੋਲ ਪੰਪ ਦੇ ਸਾਹਮਣੇ ਆਪਣੇ ਨਵੇਂ ਬਣਾਏ ਖੂਬਸੂਰਤ ਖੁਲ੍ਹੇ ਡੁਲ੍ਹੇ ਗ੍ਰਹਿ-ਪ੍ਰਵੇਸ਼ ਦੀ ਰਸਮ ਤੇ ਕਾਫੀ ਵਡੀ ਪਾਰਟੀ ਰੱਖੀ ਹੋਈ ਸੀ। ਬਲ ਦਾ ਪਿਆਰ ਭਰਿਆ ਹੁਕਮ ਸੀ ਕਿ ਮੈਂ ਪਾਰਟੀ ਤੇ ਜ਼ਰੂਰ ਆਉਣਾ ਹੈ। ਉਹ ਪਾਕਿਸਤਾਨ ਵਿਚ ਮੇਰੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ ਏਸੇ ਵਡੇ ਇਕਠ ਵਿਚ ਰੀਲੀਜ਼ ਕੀਤੀ ਜਾਵੇਗੀ। ਬਲ ਸਾਹਿਬ ਨੇ ਕਿਸ਼ਤਵਾਰ ਛਪੀ ਮੇਰੀ ਸਵੈ ਜੀਵਨੀ ਦਾ ਇਕ ਇਕ ਅੱਖਰ ਬੜੀ ਨੀਝ ਨਾਲ ਪੜ੍ਹਿਆ ਹੋਇਆ ਸੀ ਅਤੇ ਹਰ ਵਾਰ ਕਿਸ਼ਤ ਪੜ੍ਹ ਕੇ ਮੈਨੂੰ ਫੋਨ ਕਰਦਾ ਰਿਹਾ ਸੀ। ਉਸਦੀ ਪਾਰਟੀ ਤੇ ਕਈ ਲੇਖਕ, ਵਿਦਵਾਨ, ਪ੍ਰੋਫੈਸਰਜ਼, ਐਮæ ਐਲ਼ ਏæ ਅਤੇ ਵਜ਼ੀਰ ਵੀ ਆ ਰਹੇ ਸਨ। ਮੈਂ ਬਲ ਸਾਹਿਬ ਨੂੰ 'ਹਾਂ' ਕਰ ਦਿਤੀ। ਕੈਨੇਡਾ ਤੋਂ ਪਾਕਿਸਤਾਨ ਅਤੇ ਭਾਰਤ ਲਈ ਤੁਰਨ ਤੋਂ ਪਹਿਲਾਂ ਮੈਂ ਬਲ ਸਾਹਿਬ ਨੂੰ ਕਈ ਫੋਨ ਕੀਤੇ ਸਨ ਪਰ ਬਲ ਸਾਹਿਬ ਦਾ ਫੋਨ ਥਰੂ ਨਹੀਂ ਹੋ ਰਿਹਾ ਸੀ। ਮੈਂ ਅੰਦਾਜ਼ਾ ਲਾ ਲਿਆ ਸੀ ਕਿ ਬਲ ਸਾਹਿਬ ਜ਼ਰੂਰ ਇੰਡੀਆ ਚਲੇ ਗਏ ਹੋਣਗੇ ਤੇ ਗੱਲ ਸੱਚ ਹੀ ਨਿਕਲੀ। ਹਰਪਾਲ  ਕਹਿਣ ਲੱਗਾ ਕਿ ਸ਼ਾਮੀਂ ਮੇਰੇ ਘਰ ਆਓ ਅਤੇ ਪਾਕਿਸਤਾਨ ਵਿਚ ਹੋਈ ਸੂਫੀਇਜ਼ਮ ਕਾਨਫਰੰਸ ਬਾਰੇ ਕੁਝ ਦੱਸੋ। ਮੈਂ ਆਪਣੇ ਇਕ ਹੋਰ ਦੋਸਤ ਹਰਕੰਵਲ ਕੋਰਪਾਲ ਨੂੰ ਵੀ ਬੁਲਾ ਲਵਾਂਗਾ। ਸ਼ਾਮ ਦਾ ਖਾਣਾ ਮੇਰੇ ਘਰ ਖਾਓ। ਗੱਲਾਂ ਗੱਲਾਂ ਵਿਚ ਪਿਛੋਂ ਮੋਗੇ ਲਾਗੇ ਦਾ ਹੋਣ ਕਰ ਕੇ ਉਹਦੇ ਨਾਲ ਹੋਰ ਜਾਣ ਪਛਾਣ ਨਿਕਲ ਆਈ ਅਤੇ ਉਹ ਕੈਨੇਡਾ ਦੇ ਸਿੱਖ ਨੇਤਾ ਇੰਦਰਜੀਤ ਬਲ ਜਿਸ ਨੂੰ ਮੈਂ ਆਪਣਾ ਛੋਟਾ ਭਰਾ ਕਹਿੰਦਾ ਹਾਂ, ਦੇ ਬਹੁਤ ਕਰੀਬ ਸੀ। ਮੈਂ ਹਰਪਾਲ ਨੂੰ ਕਿਹਾ ਕਹਾ ਕਿ ਤੁਹਾਡੇ ਕਸਟਮ ਵਾਲਿਆਂ ਤੋਂ ਡਰਦਾਂ ਬੜੀਆਂ ਨਾਯਾਬ ਸੌ ਤੋਂ ਵਧ ਕਿਤਾਬਾਂ ਪਾਕਿਸਤਾਨ ਛਡ ਆਇਆ ਹਾਂ। ਜੇ ਮੈਨੂੰ ਪਤਾ ਹੁੰਦਾ ਕਿ ਤੁਹਾਡੇ ਵਰਗੇ ਫਰਾਖਦਿਲ ਅਫਸਰ ਨੇ ਮਿਲ ਜਾਣਾ ਹੈ ਤਾਂ ਮੈਂ ਉਹ ਸਾਰੀਆਂ ਕਿਤਾਬਾਂ ਜਿਨ੍ਹਾਂ ਵਿਚ ਵੀਹ ਵੀਹ ਸਾਲ ਲਾ ਕੇ ਸੋਧੀ ਹੋਈ ਅਸਲੀ ਹੀਰ ਵੀ ਸੀ, ਸਭ ਨਾਲ ਲੈ ਆਉਂਦਾ। ਉਸ ਕਿਹਾ ਕਿ ਲੈ ਆਣੀਆਂ ਸਨ। ਸ਼ਾਮੀਂ ਮੈਂ ਤੇ ਅਮ੍ਰਿਤਸਰ ਦੇ ਪੰਜਾਬੀ ਲੇਖਕ ਭੁਪਿੰਦਰ ਸਿੰਘ ਸੰਧੂ ਨੇ ਕੁਝ ਸਮਾਂ ਕਸਟਮ ਸੁਪਰਡੰਟ ਹਰਪਾਲ ਨਾਲ ਗੁਜ਼ਾਰਿਆ ਅਤੇ ਸੂਫੀਇਜ਼ਮ ਬਾਰੇ ਅਤੇ ਮੇਰੀ ਪਾਕਿਸਤਾਨ ਫੇਰੀ ਬਾਰੇ ਕਾਫੀ ਦਿਲਚਸਪ ਗੱਲਾਂ ਹੋਈਆਂ। ਇਕ ਨੁਕਤੇ ਤੇ ਅਸੀਂ ਸਾਰੇ ਸਾਂਝੀ ਰਾਏ ਤੇ ਖੜ੍ਹੇ ਸਾਂ ਕਿ ਪਾਕਿਸਤਾਨੀ ਭਾਵੇਂ ਕਿੰਨੇ ਵੀ ਮਹਿਮਾਨ ਨਵਾਜ਼ ਕਿਉਂ ਨਾ ਹੋਣ ਪਰ ਅੰਦਰੋਂ ਖਰੇ ਨਹੀਂ ਹਨ। ਕਸਟਮ ਅਫਸਰ ਹਰਪਾਲ ਸਿੰਘ ਨੂੰ ਬਲ ਸਾਹਿਬ ਦੇ ਨਵੇਂ ਘਰ ਵਿਚ ਹੋ ਰਹੀ ਪਾਰਟੀ ਵਿਚ ਫਿਰ ਮਿਲਣ ਦਾ ਇਕਰਾਰ ਕਰ ਕੇ ਮੈਂ ਤੇ ਭੁਪਿੰਦਰ ਸਿੰਘ ਸੰਧੂ ਅੰਮ੍ਰਿਤਸਰ ਵਿਚ ਮੇਰੇ ਮਾਣ ਵਿਚ ਰੱਖੀ ਇਕ ਡਿਨਰ ਪਾਰਟੀ ਵਿਚ ਚਲੇ ਗਏ। ਭੁਪੰਦਰ ਸਿੰਘ ਸੰਧੂ ਨੂੰ ਜੁਲਾਈ 2009 ਵਿਚ ਕੈਨੇਡਾ ਵਿਚ ਹੋਈ ਵਰਲਡ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੱਦਾ-ਪੱਤਰ ਭੇਜਿਆ ਸੀ ਪਰ ਉਸ ਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲਿਆ ਸੀ।  

    ਕਈ ਸਾਲਾਂ ਬਾਅਦ ਅੰਮ੍ਰਿਤਸਰ ਸ਼ਹਿਰ ਵਿਚ ਇਹ ਮੇਰੀ ਪਹਿਲੀ ਰਾਤ ਸੀ। ਅੰਮ੍ਰਿਤਸਰ ਵੀ ਲਾਹੌਰ ਵਾਂਗ ਮੇਰੇ ਬਚਪਨ ਨਾਲ ਜੁੜੀਆਂ ਅਨੇਕਾਂ ਯਾਦਾਂ ਦਾ ਸ਼ਹਿਰ ਹੈ। ਇਸ ਸ਼ਹਿਰ ਤੋਂ ਅਠ ਨੌਂ ਮੀਲ ਦੂਰ ਪੈਂਦੇ ਪਿੰਡ 'ਨਵਾਂ ਪਿੰਡ' ਵਿਚੋਂ ਹੀ ਸਾਡੇ ਵਡੇਰੇ ਸੰਨ 1880 ਈæਦੇ ਲਾਗੇ ਬਾਰ ਵਿਚ ਮੁੱਰਬੇ ਮਿਲਣ ਤੇ ਬਾਰ ਆਬਾਦ ਕਰਨ ਲਈ ਚਲੇ ਗਏ ਸਨ। ਪਿਓ ਦਾਦਿਆਂ ਦੀ ਇਸ ਪਿੰਡ ਵਾਲੀ ਬਚੀ ਜ਼ਮੀਨ ਅਸੀਂ ਮਾਰਚ 1965 ਵਿਚ ਵੇਚ ਕੇ ਇਸ ਪਿੰਡ ਨਾਲੋਂ ਸਦਾ ਲਈ ਨਾਤਾ ਤੋੜ ਲਿਆ ਸੀ। ਇਸ ਸ਼ਹਿਰ ਅਤੇ ਇਸ ਦੇ ਆਲੇ ਦਵਾਲੇ ਨਾਲ ਮੇਰੀਆਂ ਬਹੁਤ ਪਿਆਰੀਆਂ ਤੇ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਨ। ਲਾਗੇ ਲਾਗੇ ਪਿੰਡਾਂ ਵਿਚ ਅਨੇਕਾਂ ਰਿਸ਼ਤੇਦਾਰੀਆਂ ਵੀ ਸਨ। ਸਠਵਿਆਂ ਦਾ ਉਹ ਵੀ ਵਕਤ ਸੀ ਜਦੋਂ ਕਹਾਣੀਕਾਰ ਜਗਜੀਤ ਸਿੰਘ ਆਹੂਜਾ ਜੀਂਦਾ ਸੀ ਤੇ ਸ਼ਿਵ ਕੁਮਾਰ ਬਟਾਲਵੀ, ਮੋਹਨ ਕਾਹਲੋਂ, ਅਵਤਾਰ ਅਨਭੋਲ, ਕੁਲਵੰਤ ਸੂਰੀ ਅਤੇ ਕਈ ਹੋਰ ਲੇਖਕ ਆਹੂਜੇ ਦੇ ਇੱਬਨ ਪਿੰਡ ਵੱਲ ਪੈਂਦੇ ਇੱਟਾਂ ਦੇ ਭੱਠੇ ਲਾਗੇ ਵਗਦੇ ਸੂਏ ਦੇ ਕੰਢੇ ਸਾਹਿਤਕ ਮਹਿਫਲਾਂ ਲਗਿਆ ਕਰਦੀਆਂ ਸਨ। ਮੁਰਗਾਬੀਆਂ ਦੇ ਸ਼ਿਕਾਰ ਤੇ ਬਿਨ ਬਾਂਗੇ ਭੁਜੇ ਮੁਰਗਿਆਂ ਨਾਲ ਸੁਲਫੇ ਦੀ ਲਾਟ ਵਰਗੀ ਘਰ ਦੀ ਕਢੀ ਦਾਰੂ ਚਲਦੀ। ਜਗਜੀਤ ਸਿੰਘ ਆਹੂਜੇ ਨੂੰ ਲੇਖਕ ਬਨਣ ਦਾ ਐਸਾ ਸ਼ੌਕ ਚੜ੍ਹਿਆ ਕਿ ਇਸ ਸ਼ੌਕ ਵਿਚ  ਉਸ ਨੇ ਆਪਣਾ ਸਭ ਕੁਝ ਗਵਾ ਲਿਆ ਤੇ ਉਹਦਾ ਭੱਠਾ ਬੈਠ ਗਿਆ। ਸਫਲ ਕਹਾਣੀਆਂ ਦੀਆਂ ਦੋ ਕਿਤਾਬਾਂ "ਹਨੇਰੇ ਦੇ ਨਕਸ਼" ਅਤੇ "ਪਹਿਲੀ ਰਾਤ ਦੀ ਤਲਾਸ਼" ਛਪਵਾ ਕੇ ਉਹ ਆਰਥਿਕ ਤੌਰ ਤੇ ਤਬਾਹ ਹੋ ਗਿਆ। ਸੱਠਵਿਆਂ ਦੇ ਅੰਤ ਅਤੇ ਸੱਤਰਵਿਆਂ ਦੇ ਸ਼ੁਰੂ ਵਿਚ ਉਸਦੀ ਮਾਇਕ ਹਾਲਤ ਐਨੀ ਜ਼ਿਆਦਾ ਖਰਾਬ ਹੋ ਗਈ ਕਿ ਜਿਨ੍ਹਾਂ ਲੋਕਾਂ ਤੇ ਉਹ ਰੋਜ਼ ਸੈਂਕੜੇ ਰੁਪੈ ਖਰਚਦਾ ਤੇ ਸੋਲਨ ਨੰਬਰ ਵੰਨ ਦੀ ਵਿਸਕੀ ਪਿਆਉਂਦਾ ਸੀ, ਸਭ ਉਹਨੂੰ ਛਡ ਗਏ ਅਤੇ ਕੋਈ ਉਹਨੂੰ ਦਸ ਰੁਪੈ ਉਧਾਰੇ ਨਹੀਂ ਦੇਂਦਾ ਸੀ। ਅਮੀਰੀ ਜੀਵਨ ਜੀਣ ਵਾਲਾ ਫਰਾਖਦਿਲ ਮਹਿਮਾਨ ਨਵਾਜ਼ ਜਗਜੀਤ ਆਹੂਜਾ ਮੁਫਲਸੀ ਦਾ ਸ਼ਿਕਾਰ ਹੋ ਗਿਆ। ਮਕਾਨ ਦਾ ਕਿਰਾਇਆ ਅਤੇ ਰਾਸ਼ਨ ਪਾਉਣ ਜੋਗੇ ਪੈਸੇ ਨਾ ਰਹੇ। ਇਹਨਾਂ ਹਾਲਾਤਾਂ ਵਿਚ ਉਹਦੀ ਪਤਨੀ ਤੇ ਉਹਦੀ ਅਗੇ ਪਿਛੇ ਮੌਤ ਹੋ ਗਈ। ਇੰਜ ਸਾਹਿਤਕਾਰਾਂ, ਪ੍ਰਕਾਸ਼ਕਾਂ, ਲਿਖਾਰੀਆਂ ਤੇ ਸ਼ਾਇਰਾਂ ਦੇ ਸ਼ਹਿਰ ਅੰਮ੍ਰਿਤਸਰ ਵਿਚ ਇਕ ਉਭਰ ਰਹੇ ਕਹਾਣੀਕਾਰ ਜਗਜੀਤ ਸਿੰਘ ਆਹੂਜਾ ਦਾ ਅੰਤ ਹੋ ਗਿਆ।

    ਦੂਜਾ ਇਸੇ ਸ਼ਹਿਰ ਵਿਚ ਹੀ ਗੰਗਾ ਬਿਲਡੰਗ ਤੋਂ ਅਗੇ ਇਰੀਗੇਸ਼ਨ ਮਹਿਕਮੇ ਵਿਚ ਵਡੇ ਅਹੁਦੇ ਤੋਂ ਰੀਟਾਇਰ ਹੋਏ ਅਮੀਰ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਦੇ ਬਹੁਤ ਵਡੇ ਘਰ 'ਖਾਲਸਾ ਨਿਵਾਸ' ਲਾਗੇ ਇਕ ਵਡੀ ਬਿਲਡਿੰਗ ਵਿਚ ਛੋਟੇ ਬੱਚਿਆਂ ਦਾ ਇਕ ਸਕੂਲ ਖੁਲ੍ਹਿਆ ਸੀ। ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਇਕ ਛੋਟਾ ਬੱਚਾ ਸਕੂਲ ਵਿਚ ਹੀ ਕਿਧਰੇ ਰਹਿ ਗਿਆ ਤੇ ਸਕੂਲ ਵਾਲੇ ਸਕੂਲ ਨੂੰ ਜਿੰਦਰੇ ਲਾ ਕੇ ਦੋ ਮਹੀਨਿਆਂ ਲਈ ਸਕੂਲ ਬੰਦ ਕਰ ਕੇ ਚਲਦੇ ਬਣੇ। ਉਹ ਛੋਟਾ ਜਿਹਾ ਮਾਸੂਮ ਬੱਚਾ ਸਾਰੇ ਸ਼ਹਿਰ ਵਿਚ ਲਭਿਆ ਗਿਆ ਪਰ ਕਿਤੋਂ ਨਾ ਲੱਭਾ। ਛੁਟੀਆਂ ਖਤਮ ਹੋਣ ਤੇ ਜਦ ਦੋਬਾਰਾ ਸਕੂਲ ਖੁਲ੍ਹਿਆ ਤਾਂ ਉਸਦੀ ਲਾਸ਼ ਸਕੂਲ ਦੇ ਕਮਰੇ ਵਿਚੋਂ ਮਿਲੀ। ਸਕੂਲ ਦੀ ਚਾਰ ਦੀਵਾਰੀ ਵਿਚ ਭੁਖਾ ਤਿਹਾਇਆ ਬੱਚਾ ਵਿਲਕ ਵਿਲਕ, ਤੜਪ ਤੜਪ ਕੇ ਮਰ ਗਿਆ ਸੀ। ਗੰਗਾ ਬਿਲਡਿੰਗ ਅਤੇ ਪੰਜਾਬੀ ਦੇ ਬਹੁਤ ਅਮੀਰ ਨਾਟਕਕਾਰ ਸ਼੍ਰੀ ਗੁਰਸ਼ਰਨ ਸਿੰਘ ਦੇ ਬਹੁਤ ਵਡੇ ਘਰ 'ਖਾਲਸਾ ਨਿਵਾਸ' ਕੋਲੋਂ ਲੰਘਦਿਆਂ ਮਾਸੂਮ ਬੱਚੇ ਦੀ ਮੌਤ ਦੀ ਇਹ ਤਰਾਸਦੀ ਮੈਂਨੂੰ ਸਦਾ  ਵਿਆਕਲ ਕਰਦੀ ਰਹੀ ਹੈ।


    ਇੰਦਰਜੀਤ ਸਿੰਘ ਬਲ ਦੇ ਪੰਜਾਬ ਵਾਲੇ ਨਵੇਂ ਘਰ ਵਿਚ ਸਵੈ ਜੀਵਨੀ ਰੀਲੀਜ਼ ਸਮਾਗਮ

    ਜੀਅ ਕਰਦਾ ਸੀ ਕਿ ਅਗਲੇ ਦਿਨ ਯੂਨੀਵਰਸਿਟੀ ਜਾ ਕੇ ਪੁਰਾਣੇ ਦੋਸਤਾਂ ਨੂੰ ਮਿਲਿਆ ਜਾਵੇ ਤੇ ਆਪਣੇ ਪੁਰਾਣੇ ਪਿੰਡ ਅਤੇ ਨਾਲ ਲਗਦੇ ਪਿੰਡਾਂ ਵਿਚ ਵੀ ਜਾਇਆ ਜਾਵੇ ਪਰ ਮੈਨੂੰ ਚੰਡੀਗੜ੍ਹ ਪਹੁੰਚਣ ਦੀ ਬੜੀ ਕਾਹਲ ਸੀ ਜਿਥੇ ਮੈਂ ਕਈ ਸਾਲਾਂ ਬਾਅਦ ਆਪਣੇ ਘਰ ਦੀਆਂ ਕੰਧਾਂ ਤੇ ਛੱਤਾਂ ਵੇਖਣਾ ਚਹੁੰਦਾ ਸਾਂ। ਆਪਣੇ ਮਾਸਟਰ ਬੈੱਡ ਰੂਮ ਵਿਚ ਜਾ ਕੇ "ਤਾਂਘਾਂ ਵਾਲੇ ਨੈਣ ਕਦੋਂ ਸੁਖ ਨਾਲ ਸੌਣਗੇ" ਦਾ ਪਾਕਿਸਤਾਨੀ ਗੀਤ ਉਚੀ ਆਵਾਜ਼ ਵਿਚ ਲਾ ਕੇ ਆਰਾਮ ਨਾਲ ਸੌਂ ਜਾਣਾ ਚਹੁੰਦਾ ਸਾਂ। ਬੇਟੀ ਰਾਵੀ ਦੇ ਬੜੀ ਰੀਝ ਨਾਲ ਕੋਠੀ ਦੇ ਪਿਛੇ ਲਾਏ ਅੰਬ ਦੇ ਰੁੱਖ ਨੂੰ ਵੇਖਣਾ ਚਹੁੰਦਾ ਜੋ ਹੁਣ ਦਸ ਸਾਲਾਂ ਦਾ ਹੋ ਗਿਆ ਸੀ। ਇਸਨੂੰ ਲੱਗੀਆਂ ਅੰਬੀਆਂ ਦੀਆਂ ਤਸਵੀਰਾਂ ਖਿਚਣਾ ਚਹੁੰਦਾ ਸਾਂ ਅਤੇ ਨਿੰਬੂਆਂ, ਮੁਸੱਮੀ, ਫਾਲਸਾ, ਸੰਤਰੇ, ਮਹਿੰਦੀ, ਅਮਰੂਦ ਅਤੇ ਔਲਿਆਂ ਦੇ ਜਵਾਨ ਹੋ ਰਹੇ ਪੌਦਿਆਂ ਨੂੰ ਵੀ ਆਪਣੇ ਕੈਮਰੇ ਵਿਚ ਬੰਦ ਕਰਨਾ ਚਹੁੰਦਾ ਸਾਂ ਜਿਨ੍ਹਾਂ ਨੂੰ ਮੇਰੀ ਪਤਨੀ ਨੇ ਬੜੀ ਮਿਹਨਤ ਤੇ ਮਾਲੀ ਬਦਲ ਬਦਲ ਕੇ ਵਡਿਆਂ ਕੀਤਾ ਸੀ। ਕੋਠੀ ਦੇ ਫਰੰਟ ਤੇ ਲੱਗੇ ਕਲੀਆਂ ਦੇ ਬੂਟੇ ਵੀ ਯਾਦ ਆ ਰਹੇ ਸਨ ਜਿਨ੍ਹਾਂ ਦੀ ਖੁਸ਼ਬੂ ਨਾਲ ਸਵੇਰ ਬਹੁਤ ਸੁਹਾਣੀ ਹੋ ਜਾਂਦੀ ਸੀ। ਅੰਮ੍ਰਿਤਸਰ ਵਿਚ ਪਹਿਲੇ ਦਿਨ ਦੀ ਸ਼ਾਮ ਤਾਂ ਪਾਰਟੀ ਵਿਚ ਬੀਤ ਗਈ ਤੇ ਸਵੇਰੇ ਮੈਂ ਹਰਿਮੰਦਰ ਸਾਹਿਬ ਮਥਾ ਟੇਕਣ ਤੋਂ ਬਾਅਦ ਆਪਣੀ ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਛਪੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ" ਸਿੰਘ ਬ੍ਰਦਰਜ਼ ਦੇ ਮਾਲਕ ਗੁਰਸਾਗਰ ਸਿੰਘ ਨੂੰ ਦਿਖਾਣ ਅਤੇ ਇਹੀ ਕਿਤਾਬ ਗੁਰਮਖੀ ਵਿਚ ਛਪੀ ਹੈ ਜਾਂ ਨਹੀਂ ਦਾ ਪਤਾ ਕਰਨ ਲਈ ਉਹਨਾਂ ਦੇ ਸਿਟੀ ਸੈਂਟਰ ਵਾਲੇ ਦਫਤਰ ਦੀ ਤੀਜੀ ਮੰਜ਼ਲ ਤੇ ਚਲਾ ਗਿਆ। ਸ਼ ਗੁਰਸਾਗਰ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਤਾਂ ਕੈਨੇਡਾ ਤੋਂ ਈਮੇਲ ਕੀਤੀ ਸਵੈ-ਜੀਵਨੀ ਮਿਲੀ ਹੀ ਨਹੀਂ ਅਤੇ ਜਦ ਮਿਲੀ ਹੀ ਨਹੀਂ ਹੈ ਤਾਂ ਛਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੈਂ ਫਰਵਰੀ ਮਾਰਚ ਵਿਚ ਸਵੈ-ਜੀਵਨੀ ਦਾ ਟਾਈਪ ਸੈੱਟ ਕੀਤਾ ਸਾਰਾ ਖਰੜਾ ਟਰਾਂਟੋ ਤੋਂ ਇਕੋ ਸਮੇਂ ਪਾਕਿਸਤਾਨ ਵਿਚ ਸਾਂਝ ਪਬਲੀਕੇਸ਼ਨ ਅਤੇ ਹਿੰਦੋਸਤਾਨ ਵਿਚ ਸਿੰਘ ਬ੍ਰਦਰਜ਼ ਨੂੰ ਛਪਣ ਲਈ ਈਮੇਲ ਕੀਤਾ ਸੀ। ਇਹ ਸੁਣ ਕੇ ਬੜੀ ਨਿਰਾਸਤਾ ਹੋਈ ਕਿ ਸਿੰਘ ਬ੍ਰਦਰਜ਼ ਨੂੰ ਇਹ ਈਮੇਲ ਮਿਲੀ ਹੀ ਨਹੀਂ ਸੀ। ਪਿਛਲੇ ਬਹੁਤ ਸਾਲਾਂ ਤੋਂ ਮੇਰੀਆਂ ਕਿਤਾਬਾਂ ਸਿੰਘ ਬ੍ਰਦਰਜ਼ ਦੇ ਮਾਲਕ ਗੁਰਸਾਗਰ ਸਿੰਘ ਹੀ ਛਾਪਦੇ ਆ ਰਹੇ ਸਨ।

    ਉਹਨੇ ਆਪਣਾ ਕਲਰਕ ਬੁਲਾ ਕੇ ਫਰਵਰੀ ਮਾਰਚ ਵਿਚ ਆਈਆਂ ਸਾਰੀਆਂ ਈਮੇਲਜ਼ ਮੈਨੂੰ ਚੈੱਕ ਕਰਵਾ ਦਿਤੀਆਂ। ਬੜੀ ਹੈਰਾਨੀ ਵਾਲੀ ਗੱਲ ਸੀ ਮੇਰੀ ਕਿਤਾਬ ਦਾ ਖਰੜਾ ਭੇਜਣ ਵਾਲੀ ਫਾਈਲ ਉਹਨਾਂ ਵਿਚ ਨਹੀਂ ਸੀ। ਗੁਰਸਾਗਰ ਸਿੰਘ ਇਕ ਬਹੁਤ ਸੁਹਿਰਦ, ਸਿਆਣਾ, ਪੜ੍ਹਿਆ ਲਿਖਿਆ ਅਤੇ ਪਰਕਾਸ਼ਨ ਦੇ ਖੇਤਰ ਦਾ ਬਹੁਤ ਤਜਰਬੇਕਾਰ ਵਿਅਕਤੀ ਹੈ। ਸ਼ਾਹਮੁਖੀ ਵਿਚ ਛਪੀ ਕਿਤਾਬ ਵੇਖ ਕੇ ਗੁਰਸਾਗਰ ਦੇ ਚਿਹਰੇ ਤੇ ਜਾਂ ਅੱਖਾਂ ਵਿਚ ਕੋਈ ਸਪਾਰਕ ਨਹੀਂ ਸੀ। ਫੈਜ਼ ਅਹਿਮਦ ਫੈਜ਼ ਨੂੰ ਸਮਰਪਤ ਸਫੇ ਤੇ ਫੇਜ਼ ਦੀ ਸਿਗਰਟ ਪੀਂਦੇ ਦੀ ਲੱਗੀ ਫੋਟੋ ਵੇਖ ਕੇ ਕਹਿਣ ਲੱਗਾ ਕਿ ਸਾਡਾ ਅਦਾਰਾ ਸਿਗਰਟ ਵਾਲੀ ਫੋਟੋ ਕਦੇ ਨਹੀਂ ਛਾਪਦਾ। ਖੈਰ ਮੈਂ ਗੁਰਸਗਰ ਨੂੰ ਅਲਵਿਦਾ ਕਹਿ ਬਾਹਰ ਆ ਗਿਆ ਕਿਉਂਕਿ 4 ਜੀæ ਟੀæ ਰੋਡ ਤੇ ਆ ਕੇ ਮੈਂ ਚੰਡੀਗੜ੍ਹ ਜਾਣ ਦੀ ਤਿਆਰੀ ਕਰਨੀ ਸੀ। ਡਾ: ਕਰਨੈਲ ਸਿੰਘ ਥਿੰਦ ਸਾਹਿਬ ਨੇ ਤਿੰਨ ਵਜੇ ਚੰਡੀੜ੍ਹ ਨੂੰ ਜਾਣ ਵਾਲੀ ਏਅਰਕੰਡੀਸ਼ਨ ਬੱਸ ਵਿਚ ਆਪਣੇ ਨਾਲ ਮੇਰੀ ਵੀ ਸੀਟ ਬੁੱਕ ਕਰਵਾਈ ਹੋਈ ਸੀ।


    ਲੇਖਕ ਭੁਪਿੰਦਰ ਸਿੰਘ ਸੰਧੂ ਸਿੰਘ ਬ੍ਰਦਰਜ਼ ਤੋਂ ਮੈਨੂੰ ਪਿਕ ਅਪ ਕਰਨ ਲਈ ਆਪਣੀ ਕਾਰ ਲੈ ਕੇ ਆ ਗਿਆ। ਮੈਂ ਤੇ ਸੰਧੂ ਸਾਹਿਬ ਨੇ ਦੋ ਘੰਟੇ ਪਾਕਿਸਤਨ ਦੀ ਯਾਤਰਾ ਬਾਰੇ ਖੁਲ੍ਹ ਕੇ ਗੱਲਾਂ ਕੀਤੀਆਂ ਅਤੇ ਪਾਕਿਸਤਾਨੀ ਪੰਜਾਬੀ ਅਦਬ ਬਾਰੇ ਕਾਫੀ ਡੂੰਘਾ ਵਿਚਾਰ ਵਟਾਂਦਰਾ ਕੀਤਾ। ਭੁਪਿੰਦਰ ਸੰਧੂ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਸਾਲ ਵਿਚ ਕਈ ਵਾਰ ਪਾਕਿਸਤਾਨ ਜਾਂਦਾ ਰਿਹਾ ਹੈ ਅਤੇ ਪਾਕਿਸਤਾਨ ਵਿਚੋਂ ਆਉਣ ਵਾਲੇ ਪੰਜਾਬੀ ਲੇਖਕਾਂ, ਸਿੰਗਰਜ਼, ਰੰਗ ਮੰਚ ਕਰਮੀਆਂ ਆਦਿ ਨੂੰ ਬਾਰਡਰ ਤੇ ਜਾ ਕੇ ਰੀਸੀਵ ਕਰਦਾ ਤੇ ਆਪਣੀਆਂ ਅੱਖਾਂ ਤੇ ਬਿਠਾਉਂਦਾ ਰਿਹਾ ਹੈ। ਚੌਦਾਂ ਅਗਸਤ ਨੂੰ ਬਾਰਡਰ ਤੇ ਹਜ਼ਾਰਾਂ ਲੋਕਾਂ ਦਾ ਇਕੱਠ ਕਰ ਕੇ ਅਮਨ ਦੀਆਂ ਮੋਮ ਬੱਤੀਆਂ ਜਗਾਉਂਦਾ ਹੈ। ਦੋਹਾਂ ਦੇਸ਼ਾਂ ਅੰਦਰ ਆਵਾਜਾਈ ਦੀ ਖੁਲ੍ਹ ਅਤੇ ਆਪਸੀ ਭਰਾਤਰੀ ਪਿਆਰ ਦੀ ਸੁਰ ਦਾ ਉਚਾ ਅਲਾਪ ਕਰਦਾ ਹੈ। ਭਾਵੇਂ ਇਹ ਇਕ ਕਲਪੀ ਸਚਾਈ ਹੈ ਪਰ ਕਿਸੇ ਨਾ ਕਿਸੇ ਦਿਨ ਇਹ ਯਥਾਰਥ ਦਾ ਰੂਪ ਧਾਰ ਜਾਵੇਗੀ। ਅਜਿਹੀ ਉਮੀਦ ਜ਼ਰੂਰ ਰੱਖਣੀ ਚਾਹੀਦੀ ਹੈ। ਦੋਪਹਿਰ ਦਾ ਖਾਣਾ ਚਾਰ ਜੀæ ਟੀæ ਰੋਡ ਤੇ ਖਾ ਰਹੇ ਸਾਂ ਕਿ ਥਿੰਦ ਸਾਹਿਬ ਦਾ ਫੋਨ ਆ ਗਿਆ ਕਿ ਬੱਸ ਭਰ ਚੁਕੀ ਹੈ ਅਤੇ ਚੱਲਣ ਵਾਲੀ ਹੈ, ਤੁਸੀਂ ਜਲਦੀ ਆ ਜਾਓ। ਥਿੰਦ ਸਾਹਿਬ ਦੀ ਗੱਲ ਠੀਕ ਸੀ ਕਿ ਜਿਉਂ ਹੀ ਮੈਂ ਪਹੁੰਚਿਆ, ਬੱਸ ਸਟਾਰਟ ਹੋ ਚੁਕੀ ਸੀ। ਮੇਰੇ ਕੋਲ ਸਾਮਾਨ ਵੀ ਕਾਫੀ ਸੀ ਪਰ ਸਭ ਠੀਕ ਠਾਕ ਹੋ ਗਿਆ ਅਤੇ ਨਾਨ ਸਟਾਪ ਏਅਰਕੰਡੀਸ਼ਨ ਬੱਸ ਨੇ ਸ਼ਹਿਰ ਦੀ ਭੀੜ ਵਿਚੋਂ ਨਿਕਲਦਿਆਂ ਕਾਫੀ ਟਾਈਮ ਲਗਾ ਦਿਤਾ ਅਤੇ ਜਲੰਧਰ ਨੂੰ ਜਾਣ ਵਾਲੀ ਓਸ ਜੀæ ਟੀæ ਰੋਡ ਤੇ ਪੈ ਗਈ ਜਿਸ ਸੜਕ ਦੇ ਆਲੇ ਦਵਾਲੇ ਨਾਲ ਮੇਰਾ ਬਹੁਤ ਵਡਾ ਪਿਛੋਕੜ ਜੁੜਿਆ ਹੋਇਆ ਸੀ। ਜੰਡਿਆਲਾ ਗੁਰੂ ਤਕ ਦਾ ਸੱਜੇ ਖਬੇ ਦਾ ਇਲਾਕਾ ਕੰਬੋ ਬਰਾਦਰੀ ਦਾ ਗੜ੍ਹ ਸੀ ਜਿਨ੍ਹਾਂ ਨੇ ਸਖਤ ਮਿਹਨਤ ਕਰ ਕੇ ਇਸ ਇਲਾਕੇ ਵਿਚ ਆਪਣਾ ਨਾਂ ਪੈਦਾ ਕੀਤਾ ਸੀ। ਅਗੇ ਜਾ ਕੇ ਬਿਆਸ ਦਰਿਆ ਟੱਪਣ ਤੋਂ ਪਹਿਲਾਂ ਜਸਟਿਸ ਮਹਿੰਦਰ ਸੰਘ ਜੋਸ਼ੀ ਦੀ ਯਾਦ ਆਈ ਜਿਸ ਨੇ ਦਿੱਲੀ ਹਾਈ ਕੋਰਟ ਤੋਂ ਬੌਤਰ ਜਸਟਿਸ ਰੀਟਾਇਰ ਹੋਣ ਤੋਂ ਬਾਅਦ ਦਿੱਲੀ ਦੰਗਿਆਂ ਤੋਂ ਪ੍ਰਭਾਵਤ ਹੋਣ ਪਿਛੋਂ ਜੀਵਨ ਦਾ ਰਹਿੰਦਾ ਭਾਗ ਡੇਰਾ ਬਿਆਸ ਵਿਚ ਗੁਜ਼ਾਰਿਆ ਸੀ ਅਤੇ ਪਿਛਲੇ ਸਾਲ ਹੀ ਪੂਰੇ ਹੋਏ ਸਨ। ਉਹਨਾਂ ਨਾਲ ਜੀਵਨ ਭਰ ਮੇਰਾ ਬਹੁਤ ਪਿਆਰ ਰਿਹਾ ਸੀ ਅਤੇ ਉਹਨਾਂ ਨੇ ਕਹਾਣੀਆਂ ਦੀ ਇਕ ਕਿਤਾਬ ਮੈਨੂੰ ਡੈਡੀਕੇਟ ਕੀਤੀ ਸੀ।  ਆਪਣੀ ਸਵੈ ਜੀਵਨੀ "ਮੇਰੇ ਪੱਤੇ ਮੇਰੀ ਖੇਡ" ਵਿਚ ਮੇਰੇ ਬਾਰੇ ਇਕ ਚੈਪਟਰ ਲਿਖਿਆ ਸੀ। ਉਹਨਾਂ ਦਾ ਲੜਕਾ ਡਾ: ਪ੍ਰੀਤਇੰਦਰ ਸਿੰਘ ਜੋਸ਼ੀ ਬਾਬਾ ਸਾਵਨ ਸਿੰਘ ਹਸਪਤਾਲ ਬਿਆਸ ਦਾ ਡਾਇਰੈਕਟਰ ਹੈ ਅਤੇ ਅੰਮ੍ਰਿਤਸਰ ਦਾ ਮਸ਼ਹੂਰ ਡਾਕਟਰ ਤੁੰਗ ਵੀ ਰੀਟਾਇਰ ਹੋ ਕੇ ਏਸੇ ਹਸਪਤਾਲ ਵਿਚ ਕੰਮ ਕਰਨ ਲੱਗ ਪਿਆ ਸੀ। ਅਕਸਰ ਜਦ ਵੀ ਮੈਂ ਇੰਡੀਆ ਔਂਦਾ ਸਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਮਹਿੰਦਰ ਸਿੰਘ ਜੋਸ਼ੀ ਨੂੰ ਜ਼ਰੂਰ ਮਿਲ ਕੇ ਜਾਵਾਂ। ਅੱਜ ਉਸ ਸੜਕ ਤੋਂ ਬਸ ਲੰਘ ਰਹੀ ਸੀ ਜਿਥੋਂ ਕੁਝ ਗਜ਼ਾਂ ਦੀ ਵਿਥ ਤੇ ਉਹਨਾਂ ਦੀ ਰਹਾਇਸ਼ ਤੇ ਮੈਂ ਉਹਨਾਂ ਨੂੰ ਕੁਝ ਸਾਲ ਪਹਿਲਾਂ ਆਖਰੀ ਵਾਰ ਮਿਲਿਆ ਸਾਂ। ਮੇਰਾ ਮਨ ਨਹੀਂ ਮੰਨ ਰਿਹਾ ਸੀ ਕਿ ਉਹ ਪੂਰੇ ਹੋ ਗਏ ਹਨ। ਐਨਾ ਸੁਹਿਰਦ ਬੰਦਾ ਪਿਛੇ ਕੇਵਲ ਪਿਆਰੀਆਂ ਯਾਦਾਂ ਛਡ ਕੇ ਇਸ ਸੰਸਾਰ ਵਿਚੋਂ ਕਿਥੇ ਅਤੇ ਕਿਉਂ ਚਲਾ ਜਾਂਦਾ ਹੈ? 

    ਦਰਿਆ ਬਿਆਸ ਦਾ ਪੁਲ ਟੱਪ ਕੇ ਉਚੇ ਲੰਮੇ ਹਰੇ ਭਰੇ ਰੁੱਖਾਂ ਵਿਚੋਂ ਮੋਰ ਵਾਂਗ ਪੈਲਾਂ ਪਾਂਦੀ ਏਅਰਕੰਡੀਸ਼ਨ ਬੱਸ ਅੱਡਾ ਢਿਲਵਾਂ ਕੋਲੋਂ ਲੰਘ ਰਹੀ ਸੀ ਜਿਥੋਂ ਦੋ ਮੀਲ ਦੀ ਦੂਰੀ ਤੇ ਕੈਨੇਡਾ ਵਸਦੇ ਸਿੱਖ ਨੇਤਾ ਇੰਦਰਜੀਤ ਸਿੰਘ ਬਲ ਨੇ ਆਪਣੇ ਪਿਛਲੇ ਪਿੰਡ ਲਾਗੇ ਖੁੱਲ੍ਹਾ ਤੇ ਖੂਬਸੂਰਤ ਘਰ ਬਣਾ ਕੇ ਆਪਣੇ ਪਿਆਰੇ ਪੰਜਾਬ ਦੀ ਮਿੱਟੀ ਨਾਲ ਫਿਰ ਨਾਤਾ ਜੋੜ ਲਿਆ ਸੀ। 1984 ਵਿਚ ਹੋਏ ਗੋਲਡਨ ਟੈਂਪਲ ਤੇ ਫੌਜੀ ਹਮਲੇ ਦੇ ਰੋਸ ਵਜੋਂ ਉਸ ਅਤੇ ਉਸ ਜਿਹੇ ਹਜ਼ਾਰਾਂ ਹੀ ਨੌਜਵਾਨਾਂ ਨੇ ਗੋਲਡਨ ਟੈਂਪਲ ਤੇ ਹੋਏ ਫੌਜੀ ਹਮਲੇ ਦੇ ਵਿਰੁਧ ਵਕਤੀ ਵਿਦਰੋਹ ਜ਼ਾਹਿਰ ਕਰ ਕੇ ਆਪਣੀ ਹੀ ਸਰਕਾਰ ਨਾਲ ਰੋਸ ਪਰਗਟ ਕੀਤਾ ਸੀ। ਹੁਣ ਇਹ ਸਭ ਗੱਲਾਂ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਸਨ। ਠੀਕ ਹਫਤੇ ਬਾਅਦ ਬਲ ਸਾਹਿਬ ਦੀ ਅਲਵਿਦਾ ਪਾਰਟੀ ਵਿਚ ਮੈਂ ਇਥੇ ਫਿਰ ਆਉਣਾ ਸੀ ਪਰ ਇਸ ਵੇਲੇ ਤਾਂ ਦਿਲ ਇਹੀ ਚਾਹ ਰਿਹਾ ਸੀ ਕਿ ਛੇਤੀ ਤੋਂ ਛੇਤੀ ਚੰਡੀਗੜ੍ਹ ਪਹੁੰਚਿਆ ਜਾਵੇ। ਭਾਵੇਂ ਇਹ ਬੱਸ ਨਾਨ ਸਟਾਪ ਸੀ ਪਰ ਰਸਤੇ ਦੀਆਂ ਟਰੈਫਿਕ ਦੀਆਂ ਰੁਕਾਵਟਾਂ ਅਕਸਰ ਡਰਾਈਵਰ ਨੂੰ ਸਾਵਧਾਨੀ ਵਰਤਣ ਲਈ ਮਜਬੂਰ ਕਰ ਰਹੀਆਂ ਹਨ। ਜਲੰਧਰ ਟੱਪ ਕੇ ਫਗਵਾੜੇ ਤੋਂ ਪਹਿਲਾਂ ਹਵੇਲੀ ਅਗੇ ਜਦ ਇਹ ਬੱਸ ਕੁਝ ਮਿੰਟਾਂ ਲਈ ਰੁਕੀ ਤਾਂ ਹਵੇਲੀ ਪਹਿਲਾਂ ਵਾਂਗ ਹੀ ਚਮਕ ਰਹੀ ਸੀ ਤੇ ਉਸਦਾ ਹੁਸਨ ਠਾਠਾਂ ਮਾਰ ਰਿਹਾ ਸੀ। ਮੈਂ ਜਦ ਵੀ ਕਦੀ ਇਥੇ ਰੁਕਿਆ ਹਾਂ ਤੇ ਜਿਨ੍ਹਾਂ ਲੋਕਾਂ ਨੂੰ ਇਥੇ ਕੁਝ ਖਾਂਦਿਆਂ ਪੀਂਦਿਆਂ ਵੇਖਿਆ ਹੈ, ਉਹਨਾਂ ਦੇ ਤਨ ਤੇੜ ਤੇ ਪਾਏ ਮਹਿੰਗੇ ਕਪੜੇ ਅਤੇ ਰਖ ਰਖਾਓ ਤੋਂ ਸਦਾ ਮੈਂਨੂੰ ਇਹੀ ਅਹਿਸਾਸ ਹੋਇਆ ਹੈ ਕਿ ਹਵੇਲੀ ਅਮੀਰਾਂ ਦੀ ਠਹਿਰ ਦਾ ਅੱਡਾ ਹੈ। ਬਾਕੀ ਹੋਟਲਾਂ ਨਾਲੋਂ ਇਹ ਮਹਿੰਗੀ ਵੀ ਹੈ। ਬੱਸ ਦੇ ਮੁਸਾਫਰਾਂ ਨੇ ਬੜੀ ਕਾਹਲ ਵਿਚ ਏਥੇ ਖਾਣ ਪੀਣ ਲਈ ਕੁਝ ਖਰੀਦ ਕੇ ਅੰਦਰ ਸੁਟਣਾ ਹੁੰਦਾ ਹੈ ਕਿ ਕਿਤੇ ਬੱਸ ਟੁਰ ਨਾ ਪਵੇ। ਲਗਦਾ ਸੀ ਕਿ ਸਾਧਾਰਨ ਅਡਿਆਂ ਵਾਂਗ ਬੱਸਾਂ ਦੇ ਡਰਾਈਵਰਜ਼ ਅਤੇ ਕੰਡਕਟਰਜ਼ ਲਈ ਇਸ ਮਹਿੰਗੀ ਹਵੇਲੀ ਵਾਲੀ ਠਹਿਰ ਤੇ ਵੀ ਖਾਣਾ ਪੀਣਾ ਫਰੀ ਹੋਵੇਗਾ।

    -----ਸਮਾਪਤ-----