ਮੇਰੇ ਨਗ਼ਮੇ ਨਾ ਹੋਣ ਤਾਂ ਮੇਰਾ ਕੌਣ ਹੋਵੇ
ਜਮਾਨੇ ਚ ਐਨੀ ਕੁ ਖੁਦਗਰਜ਼ੀ ਭਰੀ ਹੈ,
ਕੰਮੀਆਂ ਦੇ ਵੇਹੜੇ ਭਾਵੇਂ ਮਘਦੇ ਨੇ ਸੂਰਜ
ਪਰ ਕੰਮੀ ਵੀ ਤਾਂ ਮਘ਼ਦੀ ਚ ਹੀ ਸੜੀ ਹੈ,
ਖੋਹ ਗਿਆਂ ਦੇ ਖੁਰੇ ਨਹੀਂ ਲੱਭਣੇ ਵੇ ਭਾਲੇ
ਨਿਰ-ਮੋਹਿਆਂ ਨਾਲ ਜਿਵੇਂ ਰੇਤਾ ਲੜੀ ਹੈ,
ਫੁੱਲਾਂ ਦੀ ਰਾਖੀ ਕਿਸੇ ਕਦੇ ਵੀ ਨਹੀਂ ਕੀਤੀ
ਜਿਵੇਂ ਕਿ ਹਿੱਕ ਤਾਣ ਸਦਾ ਖ਼ਾਰਾਂ ਕਰੀ ਹੈ,
ਕਦਰੋਂ ਬੇਕਦਰ ਮੈਂਨੂੰ ਕਰਿਆ ਤੇਰੇ ਸ਼ਹਿਰ
ਅੱਜ ਦਹਿਲੀਜ ਵੀ ਤੇਰੀ ਮੇਰੇ ਨਾ ਲੜੀ ਹੈ,
ਲੜਦਿਆਂ ਤੋਂ ਕਦੇ ਕਿਸੇ ਮੂੰਹ ਨਹੀਂ ਜੇ ਮੋੜੇ
ਜਦੋਂ ਵੀ ਲੜਾਈ ਕਹਿੰਦੇ ਹੱਕਾਂ ਦੀ ਲੜੀ ਹੈ,
ਤੂੰ ਇਹ ਜੋ ਮੋਮਬੱਤੀ ਮੁੰਡੇਰ ਤੇ' ਧਰੀ ਹੈ
ਨਾ ਸਮਝੀਂ ਰੌਸ਼ਨੀ ਤੂੰ ਜੱਗ ਲਈ ਕਰੀ ਹੈ